ਸਮਾਣਾ 25 ਜੁਲਾਈ 2022: ਬੀਤੇ ਦਿਨ ਐਤਵਾਰ ਨੂੰ ਸਮਾਣਾ ਸਬ-ਡਿਵੀਜ਼ਨ ਦੇ ਪਿੰਡ ਕਕਰਾਲਾ ਭਾਇਕਾ ਅਤੇ ਸਮਾਣਾ ਦੇ ਮੁਹੱਲਾ ਬੰਮਣਾ ਪੱਤੀ ਦੇ ਦੋ ਨੋਜਵਾਨਾ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ।ਮ੍ਰਿਤਕ ਦੇ ਵਾਰਸਾ ਸੁਖਵਿੰਦਰ ਪਾਲ ਤੇ ਬੋਬੀ ਰਾਮ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਭਾਇਕਾ ਦਾ ਇੱਕ 28 ਸਾਲਾ ਨੋਜਵਾਨ ਮ੍ਰਿਤਕ ਜਸਵੀਰ ਰਾਮ ਉਰਫ ਅਸ਼ਵਨੀ ਸ਼ਰਮਾ ਪੁੱਤਰ ਜਸਪਾਲ ਰਾਮ ਉਰਫ ਬੱਲਾ ਰਾਮ ਦੀ ਲਾਸ਼ ਐਤਵਾਰ ਦੀ ਰਾਤ ਨੂੰ ਕਰੀਬ 9 ਵਜੇ ਪਿੰਡ ਦੀ ਦਾਣਾ ਮੰਡੀ ਵਿਚੋਂ ਬੇਹੋਸ਼ੀ ਦੀ ਹਾਲਤ ’ਚ ਮਿਲੀ ਸੀ । ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ।
ਇਸ ਦੌਰਾਨ ਜਾਂਚ ਅਧਿਕਾਰੀ ਏ.ਐਸ.ਆਈ. ਰਣਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਦੇ ਬਿਆਨ ਅਨੁਸਾਰ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਵਾਰਸਾ ਹਵਾਲੇ ਕਰ ਦਿੱਤੀ ।ਇਸੇ ਤਰਾਂ ਸਮਾਣਾ ਦੀ ਤੇਜ ਕਲੋਨੀ ਵਿਚੋਂ ਬੰਮਣਾ ਪੱਤੀ ਦੇ ਰਹਿਣ ਵਾਲੇ 17 ਸਾਲਾ ਨੋਜਵਾਨ ਸੰਦੀਪ ਕੋਤਾ ਦੀ ਲਾਸ਼ ਐਤਵਾਰ ਨੂੰ ਕਰੀਬ 4 ਵਜੇ ਬੇਹੋਸ਼ੀ ਦੀ ਹਾਲਤ ਵਿਚ ਮਿਲਣ ਤੇ ਸਿਟੀ ਪੁਲਿਸ ਦੇ ਏ.ਐਸ.ਆਈ. ਪੂਰਨ ਸਿੰਘ ਨੇ ਸਿਵਲ ਹਸਪਤਾਲ ਲਿਆਂਦਾ ਜਿਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਜਾਣ ਤੇ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਕੇ ਵਾਰਸਾ ਨੂੰ ਸੂਚਿਤ ਕਰ ਦਿੱਤਾ।
ਮ੍ਰਿਤਕ ਸੰਦੀਪ ਦੇ ਪਿਤਾ ਦਰਸ਼ਨ ਕੁਮਾਰ ਨੇ ਭਰੇ ਮੰਨ ਨਾਲ ਦੱਸਿਆ ਕਿ ਉਸ ਦਾ ਲੜਕਾ ਛੋਟੀ ਉਮਰ ’ਚ ਹੀ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦਾ ਆਦੀ ਹੋਣ ਕਰਕੇ ਘਰ ਦੇ ਭਾਂਡੇ ਤੇ ਗਰੀਲਾਂ ਆਦਿ ਵੇਚਣ ਤੋਂ ਇਲਾਵਾ ਚੋਰੀਆਂ ਕਰਨ ਲੱਗ ਪਿਆ ਸੀ ਜਿਸ ਨੂੰ ਨਸ਼ੇ ਦੀ ਆਦਤ ਛੁਡਾਉਣ ਲਈ ਕਈ ਨਸ਼ਾ ਕੇਂਦਰਾਂ ਵਿਚ ਵੀ ਲਿਜਾਇਆ ਗਿਆ ਪਰ ਉਮਰ ਘੱਟ ਹੋਣ ਕਰਕੇ ਉਨਾਂ ਨੇ ਉਸ ਨੂੰ ਨਹੀਂ ਰੱਖਿਆ। ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ਼ ਕਰਵਾਏ ਬਿਆਨਾ ਦੇ ਅਧਾਰ ਤੇ ਮਾਮਲੇ ’ਚ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ।