Site icon TheUnmute.com

ਪੁਲਿਸ ਸੁਰੱਖਿਆ ਦਾਅਵਿਆਂ ਤੱਕ ਸੀਮਤ, ਇੱਕ ਦਿਨ ਵਿੱਚ ਦੋ ਥਾਂ ਚੱਲੀਆਂ ਗੋਲੀਆਂ

shoot

ਚੰਡੀਗੜ੍ਹ 18 ਨਵੰਬਰ 2021 : ਫਿਰੋਜ਼ਪੁਰ ਵਿਚ ਆਏ ਦਿਨ ਹਥਿਆਰਾਂ ਦੀ ਵਰਤੋਂ ਸ਼ਰੇਆਮ ਹੁੰਦੀ ਵਿਖਾਈ ਦੇ ਰਹੀ ਹੈ, ਭਾਵੇਂ ਪੁਲਿਸ ਪ੍ਰਸ਼ਾਸਨ ਸਖਤੀ ਦੇ ਦਾਅਵੇ ਜ਼ਰੂਰ ਕਰਦਾ ਲੇਕਿਨ ਅੱਜ ਫਿਰੋਜ਼ਪੁਰ ਵਿੱਚ ਅਲੱਗ ਅਲੱਗ ਥਾਵਾਂ ਤੇ ਹੋਈ ਹਥਿਆਰਾਂ ਦੀ ਵਰਤੋਂ ਨੇ ਪੁਲਿਸ ਦੇ ਸਭ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਬੇਦੀ ਕਾਲੌਨੀ ਫੇਸ-2 ਵਿਚ ਹੋਏ ਦੋ ਗੁੱਟਾਂ ਵਿਚ ਝਗੜੇ ਦੌਰਾਨ ਚੱਲੀ ਗੋਲੀ ਦਾ ਮਾਮਲਾ ਹਾਲੇ ਸੁਲਝਿਆ ਨਹੀਂ ਕਿ ਹੁਣ ਫਿਰੋਜ਼ਪੁਰ ਦੇ ਪਿੰਡ ਜਖਰਾਵਾਂ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕੁੱਝ ਹਥਿਆਰਬੰਦ ਲੋਕਾਂ ਵੱਲੋਂ ਕਨੂੰਨ ਤੋਂ ਬੇਖੌਫ਼ ਹੋਕੇ ਸਰੇਆਮ ਇੱਕ ਘਰ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ।
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਕਨੂੰਨ ਵਿਵਸਥਾ ਨੂੰ ਲੈਕੇ ਡੀਜੀਪੀ ਪੰਜਾਬ ਨਾਲ ਮੀਟਿੰਗ ਕੀਤੀ ਸੀ ਕਿ ਸੂਬੇ ਦੀ ਕਨੂੰਨ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਜਿਲਿਆਂ ਦੇ ਐਸ ਐਸ ਪੀ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ। ਕਿ ਪੰਜਾਬ ਵਿੱਚ ਕਨੂੰਨ ਵਿਵਸਥਾ ਨੂੰ ਲੈਕੇ ਕੋਈ ਲਾਪਰਵਾਹੀ ਨਾ ਵਰਤੀ ਜਾਵੇ ਪਰ ਫਿਰੋਜ਼ਪੁਰ ਵਿੱਚ ਕਨੂੰਨ ਵਿਵਸਥਾ ਦਮ ਤੋੜਦੀ ਨਜਰ ਆ ਰਹੀ ਹੈ। ਇਸੇ ਲਈ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਵਿੱਚ ਲੋਕ ਬਿਨਾਂ ਕਿਸੇ ਡਰ ਹਥਿਆਰਾਂ ਦੀ ਵਰਤੋਂ ਕਰ ਜਿਲ੍ਹੇ ਅੰਦਰ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੇ ਹਨ।
ਅੱਜ ਫਿਰੋਜ਼ਪੁਰ ਵਿੱਚ ਦੋ ਥਾਵਾਂ ਤੇ ਗੋਲੀਆਂ ਚੱਲਣ ਦੇ ਮਾਮਲਿਆਂ ਨੇ ਇੱਕ ਵਾਰ ਫਿਰ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜਖਰਾਵਾਂ ਤੋਂ ਜਿਥੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਕੁੱਝ ਲੋਕਾਂ ਵੱਲੋਂ ਇੱਕ ਘਰ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇੱਕ ਔਰਤ ਦੇ ਗੋਲੀ ਲੱਗਣ ਦੀ ਵੀ ਗੱਲ ਸਾਹਮਣੇ ਆਈ ਹੈ। ਅਤੇ ਅੰਨੇਵਾਹ ਗੋਲੀਆਂ ਚਲਾਉਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਪੈਸੇ ਦਿਵਾਏ ਸੀ ਅਤੇ ਜਦੋਂ ਉਨ੍ਹਾਂ ਪੈਸੇ ਵਾਪਿਸ ਮੰਗੇਂ ਤਾਂ ਪਹਿਲਾਂ ਉਨ੍ਹਾਂ ਲੋਕਾਂ ਨੇ ਝਗੜਾ ਕੀਤਾ ਅਤੇ ਬਾਅਦ ਵਿੱਚ ਫੋਨ ਤੇ ਧਮਕੀਆਂ ਦਿੱਤੀਆਂ ਅਤੇ ਫਿਰ ਦੋ ਕਾਰਾਂ ਭਰ ਉਨ੍ਹਾਂ ਦੇ ਘਰ ਆਕੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਿਸ਼ਾਨ ਉਨ੍ਹਾਂ ਦੇ ਘਰ ਦੀਆਂ ਕੰਧਾਂ ਤੇ ਦੇਖੇ ਜਾ ਸਕਦੇ ਹਨ।

Exit mobile version