Site icon TheUnmute.com

ਬਠਿੰਡਾ ਸ਼ਹਿਰ ‘ਚ 88.94 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ ਦੋ ਰੇਲਵੇ ਓਵਰ ਬ੍ਰਿਜ: ਹਰਭਜਨ ਸਿੰਘ ਈ.ਟੀ.ਓ

Railway Over Bridges

ਚੰਡੀਗੜ੍ਹ, 22 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਕਾਰਜਸ਼ੀਲ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚਲੀ ਆਵਾਜਾਈ ਨੂੰ ਹੋਰ ਸਚਾਰੂ ਬਣਾਉਣ ਲਈ 88.94 ਕਰੋੜ ਦੀ ਲਾਗਤ ਨਾਲ ਦੋ ਰੇਲਵੇ ਓਵਰ ਬ੍ਰਿਜ ਉਸਾਰੇ (Railway Over Bridges) ਜਾਣਗੇ।

ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਜਨਤਾ ਨਗਰ ਬਠਿੰਡਾ ਵਿਖੇ ਉਸਾਰੇ ਜਾਣ ਵਾਲੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ‘ਤੇ 50.86 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬ੍ਰਿਜ ਦਾ ਕੰਮ ਵਿੱਤੀ ਸਾਲ 2023-24 ਦੇ ਬਜਟ ਉਪਬੰਧ ਅਨੁਸਾਰ ਸ਼ੁਰੂ ਕਰਕੇ 3 ਸਾਲਾਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ।

ਮੁਲਤਾਨੀਆ ਬ੍ਰਿਜ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਸ ਬ੍ਰਿਜ ਦੀ ਤਜਵੀਜ਼ ਨੂੰ ਘੋਖਣ ਸਬੰਧੀ 3 ਨਿਗਰਾਨ ਇੰਜੀਨੀਅਰਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੀ ਰਿਪੋਰਟ ਮਿਲਣ ਮਗਰੋਂ ਇਹ ਪ੍ਰਾਜੈਕਟ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇਸ ਬ੍ਰਿਜ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਬ੍ਰਿਜ 38.08 ਕਰੋੜ ਰੁਪਏ ਦੀ ਲਾਗਤ ਨਾਲ 3 ਸਾਲਾਂ ਦੇ ਨਿਰਧਾਰਿਤ ਸਮੇਂ ਅੰਦਰ ਉਸਾਰਿਆ ਜਾਵੇਗਾ।

ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪੁੱਲਾਂ ਦੀ ਉਸਾਰੀ ਦੌਰਾਨ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਲੋਕਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਸਾਰੀ ਦੌਰਾਨ ਆਵਾਜਾਈ ਨੂੰ ਅਮਰਪੁਰਾ ਬਸਤੀ ਅਤੇ ਬਠਿੰਡਾ ਬਾਦਲ ਘੁੱਦਾ ਰੋਡ ਉਪਰ ਬਣੇ ਰੇਲਵੇ ਓਵਰ ਬ੍ਰਿਜਾਂ ਰਾਹੀਂ ਚਲਦਾ ਰੱਖਿਆ ਜਾਵੇਗਾ।

Exit mobile version