ਚੰਡੀਗੜ੍ਹ, 04 ਮਈ 2023: ਅੱਜ ਸਵੇਰੇ ਅਮਰੀਕਾ (US) ਤੋਂ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਦੇ ਇਕ ਸ਼ਾਪਿੰਗ ਮਾਲ ਦੇ ਬਾਹਰ ਦੋ ਪੰਜਾਬੀ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਸਕੇ ਭਰਾ ਸਨ, ਜੋ ਕਿ ਚੰਗੇ ਭਵਿੱਖ ਦੀ ਭਾਲ ਵਿੱਚ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ।
ਰਿਸ਼ਤੇਦਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਦਾ ਕਪੂਰਥਲਾ ਦੇ ਇੱਕ ਪਿੰਡ ਵਿੱਚ ਰਹਿੰਦੇ ਸਟੋਰ ਪਾਰਟਨਰ ਨਾਲ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੋਰਟਲੈਂਡ (ਅਮਰੀਕਾ) ਦੇ ਸ਼ਾਪਿੰਗ ਮਾਲ ਦੇ ਬਾਹਰ ਦੋਵਾਂ ਭਰਾਵਾਂ ’ਤੇ ਦਰਜਨਾਂ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਦੋਵੇਂ ਭਰਾਵਾਂ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸ ਦਈਏ ਕਿ ਮ੍ਰਿਤਕ ਦਿਲਰਾਜ ਸਿੰਘ (32) ਵਿਆਹਿਆ ਹੋਇਆ ਸੀ ਅਤੇ ਉਸ ਦਾ 6 ਮਹੀਨੇ ਦਾ ਬੇਟਾ ਹੈ ਅਤੇ ਗੁਰਇਕਬਾਲ ਸਿੰਘ (26) ਦੀ ਮੰਗਣੀ ਹੋਈ ਸੀ ਅਤੇ ਇਸ ਸਾਲ ਦੇ ਅੰਤ ਤੱਕ ਉਸ ਦਾ ਵਿਆਹ ਹੋਣਾ ਸੀ। ਦੋਵੇਂ ਨੌਜਵਾਨ ਕਾਫੀ ਸਮੇਂ ਤੋਂ ਅਮਰੀਕਾ ਦੇ ਪੋਰਟਲੈਂਡ ‘ਚ ਰਹਿੰਦੇ ਸਨ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ 10 ਸਾਲ ਪਹਿਲਾਂ ਅਤੇ ਦੂਜਾ ਨੌਜਵਾਨ ਕਰੀਬ 6 ਸਾਲ ਪਹਿਲਾਂ ਗਿਆ ਸੀ। ਦੂਜੇ ਪਾਸੇ ਅਮਰੀਕੀ (US) ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।