ਗੁਰਦਾਸਪੁਰ 14 ਸਤੰਬਰ 2022: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ (Central Jail of Gurdaspur) ਵਿੱਚ ਦੋ ਦਿਨ ਬਾਅਦ ਹੀ ਮੁੜ ਤੋਂ ਦੋ ਧਿਰ ਆਪਸ ਵਿਚ ਭਿੜ ਗਏ, ਜਿਸ ਵਿੱਚ ਇੱਕ ਧਿਰ ਦੇ ਸੱਤ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ।
ਉਸਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਸਰੀਏ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ ਜੋ ਇਸ ਹਮਲੇ ਦੌਰਾਨ ਜੰਮ ਤੇ ਚਲਾਏ ਗਏ। ਇਸ ਝੜਪ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ ਸਿਟੀ ਰਿਪੁਤਪਨ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਈ ਲੜ੍ਹਾਈ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਦੋ ਧਿਰ ਆਪਸ ਵਿੱਚ ਭਿੜੇ ਹਨ ਅਤੇ ਕੁੱਲ 7 ਹਵਾਲਾਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਅਨੁਸਾਰ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20-25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ‘ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ | ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ।