Site icon TheUnmute.com

ਟਰੂਡੋ ਲੋਕਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਅਧਿਕਾਰਾਂ ਦਾ ਸਨਮਾਨ ਕਰਨ : ਅਮਰੀਕਾ ਸਥਿਤ ਹਿੰਦੂ ਸੰਗਠਨ

ਟਰੂਡੋ

ਚੰਡੀਗੜ੍ਹ 16 ਫਰਵਰੀ 2022: ਅਮਰੀਕਾ ਸਥਿਤ ਇਕ ਹਿੰਦੂ ਸੰਗਠਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ। ਇਸ ਦੌਰਾਨ ਹਿੰਦੂਪੈਕਟ ਦੇ ਕਾਰਜਕਾਰੀ ਨਿਰਦੇਸ਼ਕ ਉਤਸਵ ਚੱਕਰਵਰਤੀ ਨੇ ਕਿਹਾ, “ਮੈਂ ਕੈਨੇਡਾ ‘ਚ ਵਿਰੋਧ ਪ੍ਰਦਰਸ਼ਨਾਂ ਅਤੇ ਉਨ੍ਹਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਸਖ਼ਤ ਤਰੀਕਿਆਂ ਬਾਰੇ ਸੁਣ ਕੇ ਅਫ਼ਸੋਸ ਹੋਇਆ। ਉਥੇ ਸਥਿਤੀ ਬਹੁਤ ਚਿੰਤਾਜਨਕ ਹੈ ਅਤੇ ਅਸੀਂ ਸਾਰੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਲਈ ਬਹੁਤ ਚਿੰਤਤ ਹਾਂ।

ਹਿੰਦੂ ਸੰਗਠਨ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਦਾ ਅਧਿਕਾਰ ਕਿਸੇ ਵੀ ਲੋਕਤੰਤਰ ‘ਚ ਮੌਲਿਕ ਅਧਿਕਾਰ ਹੈ। ਕੈਨੇਡਾ ‘ਚ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਐਮਰਜੈਂਸੀ ਆਦੇਸ਼ ਦਾ ਐਲਾਨ ਇੱਕ ਦੁਖਦਾਈ ਉਦਾਹਰਣ ਹੈ। ਹਿੰਦੂਪੈਕਟ ਨੇ ਟਰੂਡੋ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਨੇਤਾ ਜਗਮੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ “ਸਵਾਸਤਿਕ” ਨੂੰ ਨਾਜ਼ੀ ਚਿੰਨ੍ਹ “ਹਕੇਨਕ੍ਰੇਜ਼” ਨਾਲ ਨਾ ਜੋੜਨ। ਸਵਾਸਤਿਕ ਨੂੰ ਹਿੰਦੂਆਂ, ਬੋਧੀ ਪੈਰੋਕਾਰਾਂ, ਸਿੱਖਾਂ ਅਤੇ ਦੁਨੀਆ ਭਰ ਦੇ ਕਈ ਹੋਰ ਭਾਈਚਾਰਿਆਂ ਲਈ ਇੱਕ ਪ੍ਰਾਚੀਨ ਅਤੇ ਸ਼ੁਭ ਚਿੰਨ੍ਹ ਮੰਨਿਆ ਜਾਂਦਾ ਹੈ।

ਟਰੂਡੋ ਅਤੇ ਜਗਮੀਤ ਸਿੰਘ ਦੋਵਾਂ ਨੇ ਹਾਲ ਹੀ ਦੇ ਦਿਨਾਂ ‘ਚ ਪ੍ਰਦਰਸ਼ਨਕਾਰੀਆਂ ‘ਤੇ “ਸਵਾਸਤਿਕ ਲਹਿਰਾਉਣ” ਦੇ ਦੋਸ਼ ਲਾਉਂਦੇ ਹੋਏ ਬਿਆਨ ਦਿੱਤੇ ਸਨ। ਉਤਸਵ ਚੱਕਰਵਰਤੀ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਝੂਠੀ ਬਿਆਨਬਾਜ਼ੀ ਹਿੰਦੂਆਂ ਅਤੇ ਸਿੱਖਾਂ ਵਿਰੁੱਧ ਨਫ਼ਰਤ ਦੀ ਭਾਵਨਾ ਪੈਦਾ ਕਰੇਗੀ। ਪਿਛਲੇ ਇੱਕ ਮਹੀਨੇ ‘ਚ ਕੈਨੇਡਾ ‘ਚ ਛੇ ਹਿੰਦੂ ਮੰਦਰਾਂ ਵਿੱਚ ਭੰਨਤੋੜ ਅਤੇ ਲੁੱਟਮਾਰ ਕੀਤੀ ਗਈ।

Exit mobile version