July 7, 2024 3:12 pm
All India Civil Services Tournament

ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ 13 ਤੇ 14 ਜੂਨ ਨੂੰ ਹੋਣਗੇ ਟਰਾਇਲ

ਚੰਡੀਗੜ੍ਹ 09 ਜੂਨ 2022: ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਹਾਕੀ, ਟੇਬਲ ਟੈਨਿਸ ਤੇ ਵਾਲੀਬਾਲ ਦੇ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ (All India Civil Services Tournament)  ਲਈ ਟੀਮਾਂ ਦੀ ਚੋਣ ਲਈ ਟਰਾਇਲਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ। ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਦੇ ਹਾਕੀ (ਪੁਰਸ਼ ਤੇ ਮਹਿਲਾ) ਮੁਕਾਬਲੇ ਭੋਪਾਲ ਵਿਖੇ 21 ਜੂਨ ਤੋਂ 30 ਜੂਨ 2022 ਤੱਕ ਕਰਵਾਏ ਜਾ ਰਹੇ ਹਨ।

ਪੰਜਾਬ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ, ਸੈਕਟਰ-63, ਮੁਹਾਲੀ ਵਿਖੇ 13 ਜੂਨ ਨੂੰ ਸਵੇਰੇ 10 ਵਜੇ ਹੋਣਗੇ। ਇਸੇ ਤਰ੍ਹਾਂ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਦੇ ਮੁਕਾਬਲੇ ਆਗਰਾ ਵਿਖੇ 24 ਤੋਂ 28 ਜੂਨ ਤੱਕ ਹੋਣਗੇ। ਪੰਜਾਬ ਦੀਆਂ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ। ਵਾਲੀਬਾਲ ਦੇ ਮੁਕਾਬਲੇ 24 ਤੋਂ 28 ਜੂਨ ਤੱਕ ਨਵੀਂ ਦਿੱਲੀ ਵਿਖੇ ਹੋਣਗੇ। ਪੰਜਾਬ ਦੀਆਂ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ।

ਡਾਇਰੈਕਟਰ ਧੀਮਾਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਰੱਖਿਆ ਸੇਵਾਵਾਂ/ਨੀਮ ਫ਼ੌਜੀ ਸੰਸਥਾਵਾਂ/ਕੇਂਦਰੀ ਪੁਲਿਸ ਬਲਾਂ/ਪੁਲਿਸ/ਆਰ.ਪੀ.ਐਫ./ਸੀ.ਆਈ.ਐਸ.ਐਫ./ਬੀ.ਐਸ.ਐਫ./ਆਈ.ਟੀ.ਬੀ.ਪੀ./ਐਨ.ਐਸ.ਜੀ. ਆਦਿ ਵਿਭਾਗਾਂ ਦੇ ਮੁਲਾਜ਼ਮ/ਸ਼ਰਤਾਂ ਤਹਿਤ ਕਵਰ ਹੋਣ ਵਾਲੇ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ।ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।