ਚੰਡੀਗੜ੍ਹ, 2 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਦੇ ਚਲਦਿਆਂ ਪੰਜਾਬ ਦੇ ਸਿਆਸੀ ਗਲਿਆਰੇ ਆਪੋ-ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ ਹਰ ਕੋਈ ਆਪਣੇ-ਆਪ ਨੂੰ ਆਮ ਆਦਮੀ ਤੇ ਲੋਕਾਂ ਦਾ ਸੇਵਕ ਕਹਿ ਰਿਹਾ ਹੈ |ਹਰ ਸਿਆਸੀ ਆਗੂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਲੋਕਾਂ ਨੂੰ ਸਮਰਪਿਤ ਹਨ | ਲੋਕਾਂ ਦੀ ਸੇਵਾ ਕਰਨਗੇ, ਜਦੋ ਵੀ ਲੋਕਾਂ ਨੂੰ ਲੋੜ ਪਵੇਗੀ ਉਹ ਮੋਢੇ ਨਾਲ ਮੋਢੇ ਲਾ ਕੇ ਖੜੇ ਰਹਿਣਗੇ | ਇਸੇ ਦੌਰਾਨ ਕੁਝ ਦਿਨ ਪਹਿਲਾ ਈ.ਡੀ ਵਲੋਂ ਚੰਨੀ ਦੇ ਰਿਸ਼ਤੇਦਾਰਾਂ ਘਰੋਂ ਕਰੋੜਾਂ ਰੁਪਏ ਫੜੇ ਗਏ, ਇੱਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਦਾ ਕਹਿਣਾ ਹੈ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ, ਪਰ ਸਿਆਸੀ ਆਗੂਆਂ ਦੇ ਖ਼ਜ਼ਾਨੇ ਵੇਖ ਕੇ ਇਹ ਲੱਗਦਾ ਹੈ ਕਿ ਸਿਰਫ ਪੰਜਾਬ ਦਾ ਖ਼ਜ਼ਾਨਾ ਹੀ ਖਾਲੀ ਹੈ ਪਰ ਸਿਆਸੀ ਆਗੂਆਂ ਦੇ ਖ਼ਾਜ਼ਨੇ ਭਰੇ ਹੋਏ ਹਨ |
ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੇ ਕੁਝ ਸਿਆਸੀ ਉਮੀਦਵਾਰਾਂ ਦੇ ਖ਼ਜ਼ਾਨਿਆਂ ਬਾਰੇ ਕਿ ਕਿਹੜਾ ਉਮੀਦਵਾਰ ਕਿੰਨਾ ਖ਼ਜ਼ਾਨਾ ਸਾਂਭੀ ਬੈਠਾ ਹੈ, ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਬਾਦਲ ਪਰਿਵਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਖੰਨਾ ਪਰਿਵਾਰ ਕੋਲ ਬਾਦਲ ਪਰਿਵਾਰ ਤੋਂ ਵੀ ਵੱਧ ਗਹਿਣੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਉੱਤਰੇ ਉਮੀਦਵਾਰਾਂ ’ਚੋਂ ਖੰਨਾ ਪਰਿਵਾਰ ਇਸ ਮਾਮਲੇ ’ਚ ਸਭ ਤੋਂ ਸਿਖ਼ਰ ’ਤੇ ਹੈ।ਗਹਿਣੇ ਦੇ ਮਾਮਲੇ ’ਚ ਪਹਿਲਾਂ ਬਾਦਲ ਪਰਿਵਾਰ ਸਭ ਤੋਂ ਅੱਗੇ ਹੁੰਦੇ ਸੀ। ਜਦੋਂ ਇਨ੍ਹਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਆਪਣੀ ਸੰਪਤੀ ਦੇ ਵੇਰਵੇ ਦੱਸੇ ਤਾਂ ਓਦੋ ਇਹ ਗੱਲ ਸਾਬਿਤ ਹੋਈ |
ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ 9.70 ਕਰੋੜ ਦੇ ਗਹਿਣੇ ਹਨ, ਜਿਨ੍ਹਾਂ ’ਚੋਂ ਅਰਵਿੰਦ ਖੰਨਾ ਕੋਲ 5.31 ਕਰੋੜ ਅਤੇ ਉਨ੍ਹਾਂ ਦੀ ਘਰਵਾਲੀ ਕੋਲ 4.39 ਕਰੋੜ ਦੇ ਗਹਿਣੇ ਹਨ।ਵੇਖਿਆ ਜਾਵੇ ਤਾਂ ਇਸ ਸਮੇਂ ਖੰਨਾ ਪਰਿਵਾਰ ਕੋਲ 19.50 ਕਿਲੋ ਸੋਨਾ ਹੈ। ਬਾਦਲ ਪਰਿਵਾਰ ਕੋਲ 7.33 ਕਰੋੜ ਦੇ ਗਹਿਣੇ ਹਨ, ਜਿਨ੍ਹਾਂ ’ਚੋਂ ਹਰਸਿਮਰਤ ਕੌਰ ਬਾਦਲ ਕੋਲ 7.24 ਕਰੋੜ ਦੇ ਗਹਿਣੇ ਹਨ। ਇਨ੍ਹਾਂ ’ਚੋਂ ਕੁਝ ਗਹਿਣੇ ਵਿਰਾਸਤ ’ਚੋਂ ਮਿਲੇ ਹਨ। ਭਾਵ ਉਨ੍ਹਾਂ ਕੋਲ 14.76 ਕਿਲੋ ਸੋਨਾ ਹੈ। ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਇਸ ਮੁਕਾਬਲੇ ’ਚ ਤੀਜੇ ਨੰਬਰ ’ਤੇ ਹਨ, ਜਿਨ੍ਹਾਂ ਦੇ ਪਰਿਵਾਰ ਕੋਲ 2.28 ਕਰੋੜ ਦੇ ਗਹਿਣੇ ਹਨ। ਇਸ ’ਚੋਂ ਰਾਣਾ ਗੁਰਜੀਤ ਕੋਲ 42.94 ਲੱਖ ਦੇ ਅਤੇ ਉਨ੍ਹਾਂ ਦੀ ਪਤਨੀ ਕੋਲ 1.86 ਕਰੋੜ ਦੇ ਗਹਿਣੇ ਹਨ।
ਇਸ ’ਚ 3.68 ਕਿਲੋਗਰਾਮ ਤਾਂ ਸੋਨਾ ਹੀ ਹੈ ਜਦੋਂ ਕਿ 20 ਲੱਖ ਰੁਪਏ ਦਾ ਡਾਇਮੰਡ ਹੈ। ਜ਼ੀਰਾ ਹਲਕੇ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਵੀ ਕਿਸੇ ਨਾਲੋਂ ਘੱਟ ਨਹੀਂ। ਸੇਖੋਂ ਦੇ ਪਰਿਵਾਰ ਕੋਲ 1.54 ਕਰੋੜ ਦੇ ਗਹਿਣੇ ਹਨ। ਡਾਇਮੰਡ ਤੋਂ ਇਲਾਵਾ ਕਈ ਗੋਲਡ ਸੈੱਟ ਹਨ। ਪਟਿਆਲਾ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕੋਲ 1.43 ਕਰੋੜ ਦੇ ਗਹਿਣੇ ਹਨ।ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਵੀ ਇਸ ਮਾਮਲੇ ’ਚ ਖ਼ਾਸ ਹਨ। ਅਰੋੜਾ ਪਰਿਵਾਰ ਕੋਲ ਵੀ 1.27 ਕਰੋੜ ਦੇ ਗਹਿਣੇ ਹਨ, ਜਿਸ ’ਚ 1.87 ਕਿਲੋ ਸੋਨਾ ਸ਼ਾਮਲ ਹੈ। ਇਸ ਤੋਂ ਇਲਾਵਾ 36 ਲੱਖ ਦਾ ਡਾਇਮੰਡ ਵੀ ਹੈ। ਇਵੇਂ ਹੀ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਦੇ ਪਰਿਵਾਰ ਕੋਲ 1.21 ਕਰੋੜ ਦੇ ਗਹਿਣੇ ਹਨ, ਜਿਸ ’ਚੋਂ ਉਨ੍ਹਾਂ ਦੀ ਪਤਨੀ ਕੋਲ 97 ਲੱਖ ਦੇ ਗਹਿਣੇ ਹਨ।
ਨਵਜੋਤ ਸਿੱਧੂ ਕੋਲ 1 ਕਰੋੜ ਦੇ ਗਹਿਣੇ ਹਨ, ਜਿਸ ’ਚੋਂ 70 ਲੱਖ ਦੇ ਗਹਿਣੇ ਉਨ੍ਹਾਂ ਦੀ ਪਤਨੀ ਕੋਲ ਹਨ। ਨਵਜੋਤ ਸਿੱਧੂ ਕੋਲ 44 ਲੱਖ ਦੀਆਂ ਘੜੀਆਂ ਵੀ ਹਨ। ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਕੋਲ 65.60 ਲੱਖ ਦੇ ਗਹਿਣੇ ਹਨ। ਓਪੀ ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਦੇ ਗਹਿਣੇ ਹਨ। ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਕੋਲ ਸਿਰਫ 22.50 ਲੱਖ ਦਾ ਹੀ ਸੋਨਾ ਹੈ। ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਪਰਿਵਾਰ ਕੋਲ ਵੀ 75.17 ਲੱਖ ਦੇ ਗਹਿਣੇ ਹਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਕੋਲ 27 ਲੱਖ ਦੇ ਗਹਿਣੇ ਹਨ।
ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਕੋਲ 31.20 ਲੱਖ ਦੇ ਗਹਿਣੇ ਹਨ। ਇਹ ਸਾਰੇ ਉਮੀਦਵਾਰ ਤਾਂ ਖ਼ਜ਼ਾਨੇ ਭਰਿਆ ਵਾਲੇ ਉਮੀਦਵਾਰ ਇਹਨਾਂ ਤੋਂ ਇਲਾਵਾ ਜੇਕਰ ਵੇਖਿਆ ਜਾਵੇ ਤਾਂ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਕੋਲ ਨਾ ਤਾਂ ਆਪਣਾ ਘਰ ਹੈ, ਨਾ ਖੇਤ ਅਤੇ ਨਾ ਹੀ ਕੋਈ ਵਪਾਰਕ ਸੰਪਤੀ ਹੈ। ਉਸ ਕੋਲ ਸਿਰਫ ਦੋ ਬੈਂਕ ਖਾਤੇ ਹਨ, ਜਿਨ੍ਹਾਂ ਵਿਚ 24,409 ਰੁਪਏ ਹਨ।
ਸੋ, ਪੰਜਾਬ ਦੇ ਸਿਆਸੀ ਆਗੂਆਂ ਦੇ ਖ਼ਜ਼ਾਨੇ ਦਾ ਹਿਸਾਬ ਤਾਂ ਅਸੀਂ ਤੁਹਾਨੂੰ ਦੇ ਦਿੱਤਾ ਹੈ | ਹੁਣ ਇਹ ਤੁਹਾਡੇ ਹੱਥ ਵੱਸ ਹੈ ਕਿ ਤੁਸੀ ਕਿਹੜੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦੀ ਸੱਤਾ ‘ਚ ਲੈ ਕੇ ਆਉਣਾ ਹੈ | ਅਸੀਂ ਤੁਹਾਨੂੰ ਇਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਸਭ ਦੀ ਵੋਟ ਬਹੁਤ ਕੀਮਤੀ ਹੈ | ਆਪਣੀ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਿਓ | ਬਾਕੀ ਇਹ ਤਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੇਹਰਿ ਪਾਰਟੀ ਪੰਜਾਬ ਦੀ ਸੱਤਾ ‘ਚ ਆਈ ਹੈ |