ਚੰਡੀਗੜ੍ਹ 10 ਜੂਨ 2022: ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ (Transport Minister Laljit Bhullar) ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾਲਜੀਤ ਭੁੱਲਰ ਗੱਡੀ ਦੇ ਸਨਰੂਫ ‘ਤੇ ਬੈਠੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ‘ਚ ਭੱਜ ਰਹੀ ਹੈ। ਵੀਡੀਓ ਵਾਇਰਲ ਹੋਣ ‘ਤੇ ਵਿਰੋਧੀਆਂ ਦੇ ਹਮਲਿਆਂ ਨੂੰ ਲੈ ਕੇ ਮੰਤਰੀ ਲਾਲਜੀਤ ਭੁੱਲਰ ਨੇ ਹੁਣ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਵੀਡੀਓ ਤਿੰਨ ਮਹੀਨੇ ਪੁਰਾਣੀ ਹੈ।
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਟਵੀਟ ਕਰਦਿਆਂ ਕਿਹਾ ਕਿ ਜੋ ਵੀਡੀਓ ਸਾਹਮਣੇ ਆ ਰਹੀ ਹੈ, ਉਹ ਲਗਭਗ 3 ਮਹੀਨੇ ਪੁਰਾਣੀ ਹੈ। ਇਹ ਇੱਕ ਜੇਤੂ ਰੈਲੀ ਦੀ ਵੀਡੀਓ ਹੈ, ਜੋ ਗ਼ੈਰ-ਜਿੰਮੇਵਾਰਾਨਾ ਵਿਰੋਧੀ ਪਾਰਟੀਆਂ ਵੱਲੋਂ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਹਨ, ਇਸ ਲਈ ਅਜਿਹੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਹਨ,ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹਨ ਅਤੇ ਕਾਨੂੰਨ ਦੀ ਪਾਲਣਾ ਕਰਦੇ ਹਨ। ਇਹ ਸਿਰਫ਼ ਬਦਨਾਮ ਕਰਨ ਦੀ ਸਾਜਿਸ਼ ਹੈ।