Site icon TheUnmute.com

ਟਰਾਂਸਪੋਰਟ ਮੰਤਰੀ ਵੱਲੋਂ RC ਤੇ ਲਾਇਸੈਂਸ ਜਾਰੀ ਕਰਨ ਵਾਲੀ “ਸਮਾਰਟ ਚਿੱਪ ਲਿਮਟਿਡ ਕੰਪਨੀ” ਨੂੰ ਕੰਟਰੈਕਟ ਖ਼ਤਮ ਕਰਨ ਦਾ ਨੋਟਿਸ ਜਾਰੀ

Lumpy Skin Disease

ਚੰਡੀਗੜ੍ਹ, 31 ਮਾਰਚ 2023: ਸੂਬੇ ਵਿੱਚ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (RC) ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਕੰਮ ਦੇ ਪ੍ਰਭਾਵਤ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸਮਾਰਟ ਕਾਰਡ ਜਾਰੀ ਕਰਨ ਵਾਲੀ “ਸਮਾਰਟ ਚਿੱਪ ਲਿਮਟਿਡ” ਕੰਪਨੀ (Smart Chip Limited Company) ਨੂੰ ਕੰਟਰੈਕਟ ਖ਼ਤਮ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਮ ਠੱਪ ਹੋਣ ਕਾਰਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਦਾ ਕੰਪਨੀ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਭੁੱਲਰ ਨੇ ਦੱਸਿਆ ਕਿ ਆਰ.ਸੀ. (RC)  ਅਤੇ ਲਾਇਸੈਂਸ ਦੇ ਕੰਮ ਵਿੱਚ ਦੇਰੀ ਹੋਣ ਦੀਆਂ ਖ਼ਬਰਾਂ ਦੇ ਸਨਮੁਖ ਪਿਛਲੇ ਕਈ ਦਿਨਾਂ ਤੋਂ ਕੰਪਨੀ ਨੂੰ ਕੰਟਰੈਕਟ ਦੀਆਂ ਸ਼ਰਤਾਂ ਮੁਤਾਬਕ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਸਨ। ਇਸੇ ਲੜੀ ਤਹਿਤ ਟਰਾਂਸਪੋਰਟ ਵਿਭਾਗ ਵੱਲੋਂ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਕੰਪਨੀ ਨਿਰਤੰਰ ਕੰਟਰੈਕਟ ਦੀਆਂ ਸ਼ਰਤਾਂ ਤੋਂ ਮੁਨਕਰ ਹੁੰਦੀ ਰਹੀ।

ਉਨ੍ਹਾਂ ਦੱਸਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਲ-2 ਤੇ ਐਲ-3 ਕੰਪਨੀਆਂ ਅਤੇ ਸਰਕਾਰੀ ਇਕਾਈਆਂ (ਪੀ.ਐਸ.ਯੂਜ਼.) ਨੂੰ ਇਹ ਕੰਮ ਅਲਾਟ ਕਰਨ ਲਈ ਪੇਸ਼ਕਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਕੰਮ ਨੂੰ ਛੇਤੀ ਤੋਂ ਛੇਤੀ ਨਬੇੜਿਆ ਜਾ ਸਕੇ।

ਸ. ਭੁੱਲਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਮਝੌਤੇ ‘ਤੇ ਖਰਾ ਨਾ ਉਤਰਨ ਵਾਲੀ ਕੰਪਨੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਕੰਮ ਨਾ ਕਰਕੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਲਈ ਕੰਪਨੀ ਨੂੰ ਬਲੈਕ ਲਿਸਟ ਕੀਤੇ ਜਾਣ ਦੀ ਕਾਰਵਾਈ ਵੀ ਅਰੰਭ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਟ੍ਰੈਫਿਕ ਪੁਲਿਸ ਦੇ ਏ.ਡੀ.ਜੀ.ਪੀ. ਸ੍ਰੀ ਏ.ਐਸ. ਰਾਏ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਡਿਜੀਲਾਕਰ ਜਾ ਐਮ.ਪਰਿਵਾਹਨ ਐਪ ਤੋਂ ਡਾਊਨਲੋਡ ਕੀਤੀਆਂ ਗਈਆਂ ਆਰ.ਸੀਜ਼. ਅਤੇ ਡਰਾਈਵਿੰਗ ਲਾਇਸੈਂਸ ਨੂੰ ਮੰਨਿਆ ਜਾਵੇ ਅਤੇ ਇਹ ਆਨਲਾਈਨ ਦਸਤਾਵੇਜ਼ ਵਿਖਾਉਣ ਵਾਲੇ ਰਾਹਗੀਰਾਂ ਦੇ ਚਲਾਨ ਨਾ ਕੀਤੇ ਜਾਣ।

Exit mobile version