July 7, 2024 4:17 pm
ਟਰਾਂਸਪੋਰਟ ਮੰਤਰੀ ਭੁੱਲਰ

ਟਰਾਂਸਪੋਰਟ ਮੰਤਰੀ ਭੁੱਲਰ ਨੇ ਬੱਸ ਪਰਮਿਟ ਆਨਲਾਈਨ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ, 31 ਮਾਰਚ 2022 : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ “ਇੱਕ ਬੱਸ-ਇੱਕ ਪਰਮਿਟ” ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਬੱਸ ਮਾਫ਼ੀਆ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਸਾਰੇ ਬੱਸ ਪਰਮਿਟ ਜਲਦੀ ਹੀ ਆਨਲਾਈਨ ਕਰ ਦਿੱਤੇ ਜਾਣਗੇ। ਪੰਜਾਬ ਭਵਨ ਵਿਖੇ ਸੂਬੇ ਦੇ ਸਮੂਹ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨਾਲ ਬੈਠਕ ਦੌਰਾਨ ਇਹ ਫੈਸਲਾ ਟਰਾਂਸਪੋਰਟ ਵਿਭਾਗ ਦੇ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਦੇ ਮੱਦੇਨਜ਼ਰ ਲਿਆ ਜਾ ਰਿਹਾ ਹੈ।

ਬੱਸ ਸਟੈਂਡ ਦੇ ਬਾਹਰ ਚੱਲਦੀਆਂ ਗੈਰ-ਕਾਨੂੰਨੀ ਪ੍ਰਾਈਵੇਟ ਬੱਸਾਂ ‘ਤੇ ਸ਼ਿਕੰਜਾ ਕੱਸਣ ਦੀ ਹਦਾਇਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਸਮੂਹ ਡਿਪੂ ਜਨਰਲ ਮੈਨੇਜਰ ਨੂੰ ਦੱਸਿਆ ਕਿ ਵਿਭਾਗ ਨੇ ਉਨ੍ਹਾਂ ਨੂੰ ਬੱਸ ਸਟੈਂਡ ਦੇ 500 ਮੀਟਰ ਦੇ ਘੇਰੇ ਅੰਦਰ ਗੈਰ-ਕਾਨੂੰਨੀ ਬੱਸਾਂ ਨੂੰ ਰੋਕਣ ਲਈ ਪਹਿਲਾਂ ਹੀ ਅਧਿਕਾਰ ਦਿੱਤੇ ਹੋਏ ਹਨ। ਇਸ ਲਈ ਜਨਰਲ ਮੈਨੇਜਰ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੱਸ ਸਟੈਂਡ ਦੇ ਬਾਹਰੋਂ ਸਵਾਰੀਆਂ ਲੈ ਕੇ ਜਾਣ ਵਾਲੀਆਂ ਪ੍ਰਾਈਵੇਟ ਅਤੇ ਟਰੈਵਲ ਬੱਸਾਂ ਨੂੰ ਜ਼ਬਤ ਕਰਨਾ ਚਾਹੀਦਾ ਹੈ। ਸਕੱਤਰ ਆਰ.ਟੀ.ਏ ਵੱਲੋਂ ਜਨਰਲ ਮੈਨੇਜਰਾਂ ਨੂੰ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਗਏ ਹਨ।

ਟਰਾਂਸਪੋਰਟ ਮੰਤਰੀ ਭੁੱਲਰ ਨੇ ਵਿਭਾਗ ਦਾ ਮਾਲੀਆ ਵਧਾਉਣ ‘ਤੇ ਜ਼ੋਰ ਦਿੰਦਿਆਂ ਬੇਨਿਯਮੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੇ ਨਿਰਦੇਸ਼ ਦਿੱਤੇ। ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਸਾਂ ਤੋਂ ਈਂਧਨ ਚੋਰੀ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਲਈ, ਜਨਰਲ ਮੈਨੇਜਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਬੱਸ 4.8 ਕਿਲੋਮੀਟਰ ਪ੍ਰਤੀ ਲੀਟਰ ਦੀ ਘੱਟੋ-ਘੱਟ ਮਾਈਲੇਜ ਪ੍ਰਾਪਤ ਕਰੇ। ਉਨ੍ਹਾਂ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਟੀਚੇ ਤੋਂ ਘੱਟ ਮਾਈਲੇਜ ਦੇਣ ਵਾਲੇ ਡਰਾਈਵਰਾਂ ਤੋਂ ਵਸੂਲੀ ਲਈ ਕਾਰਵਾਈ ਕੀਤੀ ਜਾਵੇ।

ਮੰਤਰੀ ਨੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸਮੇਂ ਸਿਰ ਪਾਸ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੱਸ ਪਾਸਾਂ ਦੇ ਬਕਾਇਆ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭੁੱਲਰ ਨੇ ਜਨਰਲ ਮੈਨੇਜਰਾਂ ਨੂੰ ਬੱਸ ਅੱਡਿਆਂ ‘ਤੇ ਪਖਾਨਿਆਂ ਦੀ ਸਫ਼ਾਈ, ਡਰਾਈਵਰ-ਕੰਡਕਟਰ ਸਵਾਰੀਆਂ ਦੇ ਇਲਾਜ ਅਤੇ ਬੱਸਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਵੱਲ ਵੀ ਪੂਰਾ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ, ”ਮੈਂ ਅਗਲੇ ਕੁਝ ਦਿਨਾਂ ਤੋਂ ਬੱਸ ਸਟੈਂਡਾਂ ਦੀ ਚੈਕਿੰਗ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਅਤੇ ਜੇਕਰ ਇਸ ਦੌਰਾਨ ਕੋਈ ਅਣਗਹਿਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਇਮਾਨਦਾਰ ਪ੍ਰਸ਼ਾਸਨ ਦੇਣ ਦੀ ਨੀਤੀ ਤਹਿਤ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਬੈਠਕ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਅਮਨਦੀਪ ਕੌਰ ਅਤੇ ਸਮੂਹ ਡਿਪੂ ਜਨਰਲ ਮੈਨੇਜਰ ਹਾਜ਼ਰ ਸਨ।