Site icon TheUnmute.com

ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਦਿੱਤੀ ਬਜਟ ਪ੍ਰਣਾਲੀ ਬਾਰੇ ਟ੍ਰੇਨਿੰਗ

Budget System

ਚੰਡੀਗੜ੍ਹ, 10 ਮਾਰਚ 2023: ਪੰਜਾਬ ਵਿਧਾਨ ਸਭਾ ਵਿਚ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਅੱਜ ਬਜਟ ਪ੍ਰਣਾਲੀ (Budget System) ਬਾਰੇ ਵਿਧਾਨ ਸਭਾ ਦੇ ਕਮੇਟੀ ਹਾਲ ਵਿਚ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਦੇਸ਼ ਦੀ ਨਾਮੀ ਸੰਸਥਾ ਲੈਜਿਸਲੇਟਿਵ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ ਵੱਲੋਂ ਦਿੱਤੀ ਜਾ ਰਹੀ ਇਹ ਟ੍ਰੇਨਿੰਗ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬਜਟ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਆਪਣੇ ਸ਼ੰਕੇ ਦੂਰ ਕਰਨ।

ਟ੍ਰੇਨਿੰਗ ਦੇ ਪਹਿਲੇ ਸੈਸ਼ਨ ਦੌਰਾਨ ਵਿਧਾਇਕਾਂ ਨੂੰ ਬਜਟ ਸਬੰਧੀ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਬਜਟ ਕਿਵੇਂ ਤਿਆਰ ਕੀਤਾ ਜਾਂਦਾ ਹੈ ਅਤੇ ਵਿਧਾਨ ਸਭਾ ਵਿੱਚ ਬਜਟ ਪੇਸ਼ ਹੋਣ ਪਿੱਛੋਂ ਇਸ ਉਤੇ ਹੋਣ ਵਾਲੀ ਬਹਿਸ ਉਪਰੰਤ ਬਜਟ ਪਾਸ ਹੋਣ ਬਾਰੇ ਕੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਸਵਾਲਾਂ-ਜਵਾਬਾਂ ਦੇ ਸੈਸ਼ਨ ਦੌਰਾਨ ਵਿਧਾਇਕਾਂ ਨੂੰ ਬਜਟ ਸਬੰਧੀ ਬਹਿਸ ਵਿੱਚ ਭਾਗ ਲੈਣ ਸਬੰਧੀ ਵਿਧੀ ਦੀ ਵੀ ਜਾਣਕਾਰੀ ਦਿੱਤੀ ਗਈ।

ਰਾਜ ਦੇ ਵਿੱਤ ਅਤੇ ਭਾਰਤ ਦੇ ਵਿਧਾਨਕ ਰੁਝਾਨ ਸਬੰਧੀ ਦੂਸਰੇ ਸੈਸ਼ਨ ਦੌਰਾਨ ਵਿਧਾਇਕਾਂ ਨੂੰ ਪੰਜਾਬ ਸਰਕਾਰ ਦੇ ਵਿੱਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਸਰਕਾਰ ਦੇ ਆਮਦਨ ਦੇ ਸਰੋਤ ਕੀ ਹਨ ਅਤੇ ਖ਼ਰਚ ਕਿਵੇਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਧਾਇਕਾਂ ਨੂੰ ਸਦਨ ਅੰਦਰ ਸਾਰਥਕ ਤਰੀਕੇ ਨਾਲ ਬਜਟ ‘ਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈ ਸਕਣ ਸਬੰਧੀ ਢੰਗ-ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Exit mobile version