ਫਾਜ਼ਿਲਕਾ 25 ਮਈ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਸੰਵੇਦਨਸ਼ੀਲ ਬੂਥਾਂ ਤੇ ਮਾਇਕ੍ਰੋ ਆਬਜਰਵਰ (Micro observers) ਤਾਇਨਾਤ ਕੀਤੇ ਜਾ ਰਹੇ ਹਨ ਜੋ ਕਿ ਸਿੱਧੇ ਤੌਰ ਤੇ ਜਨਰਲ ਅਬਜਰਵਰ ਨੂੰ ਰਿਪੋਰਟ ਕਰਣਗੇ।
ਇਹ ਗੱਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਇੱਥੇ ਇਸ ਸਬੰਧੀ ਚੋਣ ਅਮਲੇ ਨੂੰ ਦਿੱਤੀ ਜਾ ਰਹੀ ਸਿਖਲਾਈ ਦੌਰਾਨ ਆਖੀ। ਉਨ੍ਹਾਂ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂੰ ਦੁੱਗਲ ਦੀ ਅਗਵਾਈ ਵਿਚ ਸਾਰੀਆਂ ਤਿਆਰੀਆਂ ਜਾਰੀ ਹਨ ਅਤੇ ਹਰ ਪ੍ਰਕਾਰ ਦੇ ਚੋਣ ਅਮਲੇ ਨੂੰ ਬਾਰੀਕੀ ਨਾਲ ਸਾਰੀਆਂ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਦੇ ਅਦਾਰਿਆਂ ਤੋਂ 191 ਮਾਇਕ੍ਰੋ ਆਬਜਰਵਰ (Micro observers) ਤਾਇਨਾਤ ਕੀਤੇ ਗਏ ਹਨ ਜੋ ਕਿ ਸੰਵੇਦਨਸ਼ੀਲ ਬੂਥਾਂ ਤੇ ਜਨਰਲ ਅਬਜਰਵਰ ਦੇ ਪ੍ਰਤੀਨਿਧੀ ਵਜੋਂ ਨਿਗਰਾਨੀ ਕਰਣਗੇ ਅਤੇ ਚੋਣ ਤੋਂ ਬਾਅਦ ਆਪਣੀ ਰਿਪੋਰਟ ਜਨਰਲ ਅਬਜਰਵਰ ਨੂੰ ਹੀ ਦੇਣਗੇ।
ਚੋਣਾਂ ਦੌਰਾਨ ਇਹ ਮਾਇਕ੍ਰੋ ਆਬਜਰਵਰ ਮੋਕ ਪੋਲ ਤੋਂ ਲੈਕੇ ਪੋਲਿੰਗ ਸਟੇਸ਼ਨ ਤੇ ਸੁਰੱਖਿਆ, ਚੋਣ ਅਮਲੇ, ਪਾਰਟੀਆਂ ਦੇ ਏਂਜਟਾਂ ਆਦਿ ਸਭ ਤੇ ਨਿਗਾ ਰੱਖਣਗੇ ਅਤੇ ਯਕੀਨੀ ਬਣਾਉਣਗੇ ਕਿ ਸਾਰੀਆਂ ਪ੍ਰਕ੍ਰਿਆਵਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਹੋ ਰਹੀਆਂ ਹੋਣ।
ਇਸੇ ਤਰਾਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 829 ਪੋਲਿੰਗ ਬੂਥਾਂ ਤੋਂ ਵੇਬ ਕਾਸਟਿੰਗ ਹੋਵੇਗੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਅਮਰਿੰਦਰ ਸਿੰਘ ਮੱਲੀ, ਜਲਾਲਾਬਾਦ ਦੇ ਐਸਡੀਐਮ ਬਲਕਰਨ ਸਿੰਘ, ਪੰਕਜ ਬਾਂਸਲ, ਨੋਡਲ ਅਫ਼ਸਰ ਡਾ: ਵਿਸ਼ਾਲੀ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜਰ ਸਨ।