Site icon TheUnmute.com

ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ 5000 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਦਿੱਤੀ: ਹਰਜੋਤ ਸਿੰਘ ਬੈਂਸ

Business Blaster programme

ਚੰਡੀਗੜ੍ਹ, 14 ਨਵੰਬਰ 2024: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਿਜ਼ਨਸ ਬਲਾਸਟਰ ਪ੍ਰੋਗਰਾਮ (Business Blaster programme) ਤਹਿਤ ਪੰਜਾਬ ਭਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 5000 ਤੋਂ ਵੱਧ ਲੈਕਚਰਾਰ-ਗਰੇਡ ਅਧਿਆਪਕਾਂ ਨੂੰ ਇਸ ਪ੍ਰੋਗਰਾਮ ‘ਤੇ ਸਫਲਤਾਪੂਰਵਕ ਸਿਖਲਾਈ ਦਿੱਤੀ ਹੈ।

ਇਸ ਸਬੰਧੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ 11ਵੀਂ ਜਮਾਤ ਦੇ 1,78,000 ਤੋਂ ਵੱਧ ਵਿਦਿਆਰਥੀਆਂ ਨੂੰ 21ਵੀਂ ਸਦੀ ਲਈ ਲੋੜੀਂਦੇ ਹੁਨਰਾਂ ਨਾਲ ਸਸ਼ਕਤ ਕਰਨ ਦਾ ਲਾਭ ਮਿਲੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ‘ਚ ਉੱਦਮੀ ਮਾਨਸਿਕਤਾ ਨੂੰ ਵਿਕਸਿਤ ਕਰਨਾ ਹੈ, ਤਾਂ ਜੋ ਨੌਕਰੀ ਲੱਭਣ ਵਾਲੇ ਨੌਜਵਾਨ ਰੋਜ਼ਗਾਰ ਸਿਰਜਕ ਬਣ ਸਕਣ। ਪ੍ਰੋਗਰਾਮ ਵਿਦਿਆਰਥੀਆਂ ਦੇ ਹੁਨਰਾਂ ਜਿਵੇਂ ਕਿ ਆਲੋਚਨਾਤਮਕ ਸੋਚ, ਸਿਰਜਣਾਤਮਕਤਾ ਅਤੇ ਵਿਹਾਰਕ ਵਪਾਰਕ ਪ੍ਰੋਜੈਕਟਾਂ ‘ਚ ਭਾਗੀਦਾਰੀ ਦੁਆਰਾ ਸਮੱਸਿਆ ਹੱਲ ਕਰਨ ‘ਤੇ ਕੇਂਦ੍ਰਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਵੰਬਰ 2022 ‘ਚ ਨੌਜਵਾਨ ਉੱਦਮੀ ਪ੍ਰੋਗਰਾਮ ਸਕੀਮ ਤਹਿਤ ਬਿਜ਼ਨਸ ਬਲਾਸਟਰ ਪ੍ਰੋਗਰਾਮ (Business Blaster programme) ਸ਼ੁਰੂ ਕੀਤਾ ਸੀ, ਜਿਸ ਨੇ ਆਪਣੇ ਪਾਇਲਟ ਪੜਾਅ ‘ਚ ਹੀ ਕਮਾਲ ਦਾ ਅਸਰ ਦਿਖਾਇਆ ਸੀ। ਇਸ ਸਮਾਗਮ ‘ਚ 9 ਜ਼ਿਲ੍ਹਿਆਂ ਦੇ 32 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 11,041 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ‘ਚ 3,032 ਵਿਦਿਆਰਥੀਆਂ ਨੇ ਵਿਹਾਰਕ ਸਥਿਤੀ ਦਾ ਸਾਹਮਣਾ ਕਰਨ ਲਈ ਆਪਣੇ ਕਾਰੋਬਾਰੀ ਵਿਚਾਰ ਪੇਸ਼ ਕੀਤੇ ਅਤੇ 60 ਲੱਖ ਰੁਪਏ ਤੋਂ ਵੱਧ ਦੀ ਸੀਡ ਮਨੀ ਪ੍ਰਦਾਨ ਕੀਤੀ ਗਈ।

ਇਸ ਪ੍ਰੋਗਰਾਮ ਦੀ ਸਫਲਤਾ ਨੂੰ ਧਿਆਨ ‘ਚ ਰੱਖਦਿਆਂ ਇਸ ਪ੍ਰੋਗਰਾਮ ਨੂੰ ਹੁਣ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਾਰੇ 1,920 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਫੈਲਾਇਆ ਜਾ ਰਿਹਾ ਹੈ। ਇਸ ‘ਚ ਵਿਦਿਅਕ ਸੈਸ਼ਨ 2023-2024 ਦੌਰਾਨ 7,813 ਅਧਿਆਪਕ ਅਤੇ 1,83,192 11ਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਹਨ, ਜੋ ਕਿ ਸੂਬੇ ਦੀਆਂ ਵਿਦਿਅਕ ਪਹਿਲਕਦਮੀਆਂ ‘ਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਵਿਦਿਆਰਥੀਆਂ ਨੇ ਇਸ ਪ੍ਰੋਗਰਾਮ (Business Blaster programme) ‘ਚ ਉਤਸ਼ਾਹ ਨਾਲ ਭਾਗ ਲਿਆ ਅਤੇ 1,38,676 ਵਿਦਿਆਰਥੀਆਂ ਨੇ ਆਪਣੇ ਕਾਰੋਬਾਰੀ ਵਿਚਾਰ ਵਿਕਸਿਤ ਕਰਨ ਲਈ 19,989 ਟੀਮਾਂ ਬਣਾਈਆਂ। ਪ੍ਰੋਗਰਾਮ ਦੀ ਵਿਆਪਕ ਅਪੀਲ ਨੂੰ ਦਰਸਾਉਂਦੇ ਹੋਏ, ਲਗਭਗ 7,500 ਟੀਮਾਂ ਵਿੱਚੋਂ 52,050 ਵਿਦਿਆਰਥੀ (ਹੁਣ 12ਵੀਂ ਜਮਾਤ ‘ਚ ਹਨ) ਨੂੰ ਸੀਡ ਮਨੀ ਪ੍ਰਦਾਨ ਕਰਨ ਲਈ ਚੁਣਿਆ ਸੀ।

ਪੰਜਾਬ ਸਰਕਾਰ ਨੇ ਨੌਜਵਾਨ ਉੱਦਮੀਆਂ ਲਈ ਸੀਡ ਮਨੀ ਵਜੋਂ 10.41 ਕਰੋੜ ਰੁਪਏ ਅਲਾਟ ਕਰਕੇ ਇੱਕ ਮਹੱਤਵਪੂਰਨ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸਦੇ ਨਾਲ ਹੀ 1 ਅਕਤੂਬਰ 2024 ਤੱਕ 46,910 ਵਿਦਿਆਰਥੀਆਂ ਦੇ ਬੈਂਕ ਖਾਤਿਆਂ ‘ਚ 9.38 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਛੇਤੀ ਹੀ ਸੀਡ ਮਨੀ ਦੇ ਦਿੱਤੀ ਜਾਵੇਗੀ।

ਵਰਤਮਾਨ ‘ਚ 5,000 ਤੋਂ ਵੱਧ ਲੈਕਚਰਾਰ-ਗਰੇਡ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਉੱਦਮੀ ਬਣਨ ਵਿੱਚ ਸਹਾਇਤਾ ਕਰਨ ਲਈ ਵਿਆਪਕ ਸਿਖਲਾਈ ਦਿੱਤੀ ਹੈ। ਇਹ ਪ੍ਰੋਗਰਾਮ ਇਹ ਸੁਨਿਸ਼ਚਿਤ ਕਰਦਾ ਹੈ ਕਿ ਅਕਾਦਮੀਸ਼ੀਅਨ ਇੱਕ ਉੱਦਮੀ ਮਾਨਸਿਕਤਾ ਅਤੇ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨੂੰ ਵਿਕਸਤ ਕਰਨ ‘ਚ ਵਿਦਿਆਰਥੀਆਂ ਦੀ ਅਗਵਾਈ ਕਰਨ ਲਈ ਚੰਗੀ ਤਰ੍ਹਾਂ ਲੈਸ ਹਨ।

 

Exit mobile version