ਮੁੱਲਾਂਪੁਰ ਦਾਖਾ

ਮੁੱਲਾਂਪੁਰ ਦਾਖਾ ਤੋਂ ਦੁੱਖਦਾਈ ਖ਼ਬਰ ,ਘਰ ’ਚੋਂ ਮਿਲੀਆਂ ਚਾਰ ਜੀਆਂ ਦੀਆਂ ਲਾਸ਼ਾਂ

ਚੰਡੀਗੜ੍ਹ, 4 ਜਨਵਰੀ 2022 : ਪੰਜਾਬ ਦੇ ਮੁੱਲਾਂਪੁਰ ਦੇ ਰੇਲਵੇ ਕੁਆਟਰਾਂ ਵਿੱਚ ਰਹਿੰਦੇ  ਮੁਲਾਜ਼ਮ (ਗੈਂਗਮੈਨ), ਉਸ ਦੇ ਪੁੱਤਰ, ਨੂੰਹ ਅਤੇ ਪੋਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਚਾਰਾਂ ਦੀਆਂ ਲਾਸ਼ਾਂ ਸਵੇਰੇ ਕਮਰੇ ਵਿੱਚੋਂ ਮਿਲੀਆਂ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਾਖਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ

ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕਾਂ ਦੀ ਪਛਾਣ ਗੈਂਗਮੈਨ ਸੁਖਦੇਵ ਸਿੰਘ ਪਿੰਡ ਮਿਆਣੀ (56), ਉਸ ਦੇ ਲੜਕੇ ਜਗਦੀਪ ਸਿੰਘ (28), ਨੂੰਹ ਜੋਤੀ (26) ਅਤੇ ਪੋਤੀ ਜੋਤ (2) ਵਜੋਂ ਹੋਈ ਹੈ। ਚਾਰਾਂ ਲਾਸ਼ਾਂ ਨੂੰ ਸੁਧਾਰ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਸਾਰਿਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਹੋਇਆ ਸੀ

ਮ੍ਰਿਤਕ ਸੁਖਦੇਵ ਸਿੰਘ ਦੇ ਦੂਜੇ ਪੁੱਤਰ ਕੁਲਵੰਤ ਸਿੰਘ ਅਨੁਸਾਰ ਉਸ ਦਾ ਪਿਤਾ ਰੇਲਵੇ ਵਿਭਾਗ ਵਿੱਚ ਦਰਜਾ ਚਾਰ ਦਾ ਮੁਲਾਜ਼ਮ ਸੀ ਅਤੇ ਮੁੱਲਾਂਪੁਰ ਦੀ ਰੇਲਵੇ ਕਲੋਨੀ ਵਿੱਚ ਬਣੇ ਕੁਆਰਟਰ ਵਿੱਚ ਰਹਿੰਦਾ ਸੀ। ਸੋਮਵਾਰ ਨੂੰ ਉਸ ਦੇ ਪਿਤਾ ਨੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਸਨ। ਇਸ ਦੌਰਾਨ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਧੀ ਅਤੇ ਜਵਾਈ ਵੀ ਘਰ ਆ ਗਏ। ਰਾਤ ਨੂੰ ਸਾਰਿਆਂ ਨੇ ਇਕੱਠੇ ਖਾਣਾ ਖਾਧਾ, ਜਿਸ ਤੋਂ ਬਾਅਦ ਉਸ ਦਾ ਪਿਤਾ ਸੁਖਦੇਵ ਸਿੰਘ, ਭਰਾ ਜਗਦੀਪ ਸਿੰਘ, ਭਰਜਾਈ ਜੋਤੀ ਅਤੇ ਭਤੀਜੀ ਜੋਤ ਇੱਕ ਕਮਰੇ ਵਿੱਚ ਸੌਂ ਗਏ। ਉਸ ਦੀ ਮਾਂ ਬਲਬੀਰ ਕੌਰ, ਭੈਣ ਅਤੇ ਜੀਜਾ ਆਪਣੇ ਬੱਚਿਆਂ ਨਾਲ ਦੂਜੇ ਕਮਰੇ ਵਿੱਚ ਸੁੱਤੀਆਂ ਸਨ।

ਜੋਤੀ ਸੱਤ ਮਹੀਨਿਆਂ ਦੀ ਗਰਭਵਤੀ ਸੀ

ਸਵੇਰੇ ਕਰੀਬ ਸੱਤ ਵਜੇ ਜਦੋਂ ਉਸ ਦੀ ਮਾਤਾ ਬਲਬੀਰ ਕੌਰ ਨੇ ਉਨ੍ਹਾਂ ਨੂੰ ਚੁੱਕਣ ਲਈ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚਾਰੋਂ ਲਾਸ਼ਾਂ ਪਈਆਂ ਸਨ। ਸੂਤਰਾਂ ਮੁਤਾਬਕ ਜੋਤੀ ਸੱਤ ਮਹੀਨਿਆਂ ਦੀ ਗਰਭਵਤੀ ਸੀ। ਸੂਚਨਾ ਮਿਲਣ ‘ਤੇ ਥਾਣਾ ਦਾਖਾ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਸ ਪਾਰਟੀ ਅਤੇ ਰੇਲਵੇ ਪੁਲਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਰਾਤ ਨੂੰ ਘਰ ਵਿੱਚ ਬਣੇ ਖਾਣੇ ਦੇ ਸੈਂਪਲ ਵੀ ਲਏ ਹਨ। ਕਮਰੇ ਵਿੱਚ ਹੀਟਰ ਵੀ ਨਹੀਂ ਸੀ।

Scroll to Top