July 8, 2024 9:31 pm
tol plaza

ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਫਿਰ ਖੁੱਲ੍ਹਣਗੇ ਟੋਲ ਪਲਾਜ਼ਾ, ਦੇਣਾ ਪਵੇਗਾ ਟੈਕਸ

ਚੰਡੀਗੜ੍ਹ 20 ਨਵੰਬਰ 2021 : ਕੇਂਦਰ ਸਰਕਾਰ ਵਲੋਂ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਪੰਜਾਬ ਦੀ ਅਰਥਵਿਵਸਥਾ ਵਿਚ ਇਕ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਇਸ ਦਾ ਸਭ ਤੋਂ ਪਹਿਲਾ ਅਸਰ ਮੁੱਖ ਸੜਕਾਂ ਦੀ ਉਸਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਹੋਵੇਗਾ ਕਿਉਂਕਿ ਕਿਸਾਨਾਂ ਦੇ ਵਿਰੋਧ ਕਾਰਨ ਪਿਛਲੇ ਡੇਢ ਸਾਲ ਤੋਂ ਪੰਜਾਬ ਵਿਚ ਬੰਦ ਪਏ ਟੋਲ ਪਲਾਜ਼ਾ ਖੁੱਲ੍ਹ ਜਾਣਗੇ। ਇਹ ਟੋਲ ਪਲਾਜ਼ਾ ਐੱਨ. ਐੱਚ. ਏ. ਆਈ. ਨਾਲ ਸਬੰਧਤ ਹਨ। ਆਮ ਲੋਕਾਂ ਨੂੰ ਹੁਣ ਸੜਕਾਂ ’ਤੇ ਜਾਣ ਸਮੇਂ ਆਵਾਜਾਈ ਲਈ ਟੈਕਸ ਦੇਣਾ ਪਵੇਗਾ। ਕਈ ਲੋਕਾਂ ਨੂੰ ਤਾਂ ਆਪਣੇ ਫਾਸਟੈਗ ਵੀ ਚਾਰਜ ਕਰਵਾਉਣੇ ਪੈਣਗੇ ਕਿਉਂਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਅੰਦੋਲਨ ਕਾਰਨ ਬਿਨਾਂ ਰੋਡ ਟੈਕਸ ਤੋਂ ਮੁਫਤ ਹੀ ਆਵਾਜਾਈ ਕਰ ਰਹੇ ਸਨ।

ਇਸ ਕਾਰਨ ਅਜਿਹੇ ਸਭ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੋ ਉਕਤ ਟੋਲ ਪਲਾਜ਼ਿਆਂ ’ਤੇ ਪਹਿਲਾਂ ਕੰਮ ਕਰ ਰਹੇ ਸਨ। ਪੰਜਾਬ ਵਿਚ ਇਸ ਦਾ ਦੂਜਾ ਅਸਰ ਰਿਲਾਇੰਸ ਦੇ ਸ਼ਾਪਿੰਗ ਮਾਲਜ਼ ਤੇ ਟੋਲਜ਼ ਤੋਂ ਇਲਾਵਾ ਅਡਾਨੀ ਗਰੁੱਪ ਦੇ ਸਟੋਰਾਂ ’ਤੇ ਵੇਖਣ ਨੂੰ ਮਿਲੇਗਾ। ਪੰਜਾਬ ਵਿਚ ਰਿਲਾਇੰਸ ਗਰੁੱਪ ’ਚ ਸਿੱਧੇ ਤੇ ਅਸਿੱਧੇ ਢੰਗ ਨਾਲ ਲਗਭਗ 10 ਹਜ਼ਾਰ ਪੰਜਾਬੀਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ। ਹੁਣ ਰਿਲਾਇੰਸ ਦੇ ਸਟੋਰ ਖੁੱਲ੍ਹ ਜਾਣ ਪਿੱਛੋਂ ਇਹ ਰੋਜ਼ਗਾਰ ਮੁੜ ਵਾਪਸ ਆਏਗਾ। ਇਸ ਨਾਲ ਪੰਜਾਬ ਦਾ ਮਾਲੀਆ ਵੀ ਵਧੇਗਾ। ਕਿਸਾਨਾਂ ਦੇ ਵਿਰੋਧ ਕਾਰਨ ਮੋਗਾ ਨੇੜੇ ਅਡਾਨੀ ਗਰੁੱਪ ਦੇ ਸਟੋਰ ਬੰਦ ਕਰ ਦਿੱਤੇ ਗਏ ਸਨ। ਹੁਣ ਇਨ੍ਹਾਂ ਦੇ ਦੁਬਾਰਾ ਖੁੱਲ੍ਹਣ ਦੀ ਸੰਭਾਵਨਾ ਬਣ ਜਾਵੇਗੀ।