July 2, 2024 9:35 pm
ਸਰਕਾਰੀ ਹਸਪਤਾਲਾਂ

ਸਰਕਾਰੀ ਹਸਪਤਾਲਾਂ ‘ਚ ਲਗਾਈਆਂ ਜਾਣਗੀਆਂ ਟੋਕਨ ਮਸ਼ੀਨਾਂ: ਸਿਹਤ ਮੰਤਰੀ ਜੋੜੇਮਾਜਰਾ

ਫ਼ਤਹਿਗੜ੍ਹ ਸਾਹਿਬ 07 ਅਕਤੂਬਰ 2022: ਸਰਕਾਰੀ ਹਸਪਤਾਲਾਂ (Government hospitals) ਵਿੱਚ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਨੂੰ ਪਰਚੀਆਂ ਕਟਵਾਉਣ ਵਾਲੇ ਲਗਾਈਆਂ ਜਾਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਪਾਉਣ ਲਈ ਹਸਪਤਾਲਾਂ ਵਿੱਚ ਟੋਕਨ ਮਸ਼ੀਨਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੇ ਚਨਾਰਥਲ ਕਲਾਂ ਵਿਖੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਟੋਕਨ ਮਸ਼ੀਨਾ ਲਗਾਉਣ ਦੇ ਪਾਇਲਟ ਪ੍ਰੋਜੈਕਟ ਵਜੋਂ ਸੂਬੇ ਦੀ ਪਹਿਲੀ ਮਸ਼ੀਨ ਪਟਿਆਲਾ ਦੇ ਸਰਕਾਰੀ ਮਾਤਾ ਕੋਸ਼ਲਿਆ ਹਸਪਤਾਲ ਵਿਖੇ ਲਗਾਈ ਗਈ ਹੈ ਅਤੇ ਇਸ ਦੀ ਫੀਡ ਬੈਕ ਲੈਣ ਉਪੰਰਤ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਇਹ ਮਸ਼ੀਨਾਂ ਲਗਾਈਆਂ ਜਾਣਗੀਆਂ।

ਹਸਪਤਾਲਾਂ ‘ਚ ਲੱਗਣ ਵਾਲੀਆਂ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਤੋਂ ਮਿਲੇਗੀ ਰਾਹਤ

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਸੰਭਾਲਦੇ ਹੀ ਸੂਬੇ ਦੇ ਸਿਹਤ ਤੇ ਸਿੱਖਿਆ ਦੇ ਖੇਤਰ ਨੂੰ ਤਰਜ਼ੀਹੀ ਖੇਤਰ ਮੰਨਦੇ ਹੋਏ ਇਸ ਦੇ ਚੋਹਤਰਫਾ ਵਿਕਾਸ ਲਈ ਉਪਰਾਲੇ ਸ਼ੁਰੂ ਕੀਤੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਮੁਫਾਦ ਲੋਕ ਹਿੱਤ ਤੋਂ ਅੱਗੇ ਰੱਖਦੇ ਹੋਏ ਇਨ੍ਹਾਂ ਖੇਤਰਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਪ੍ਰੰਤੂ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸੂਬੇ ਨੂੰ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਾਂਗੇ ਅਤੇ ਲੋਕਾਂ ਨੂੰ ਛੇਤੀ ਹੀ ਇਸ ਵਿੱਚ ਵੱਡੇ ਬਦਲਾਅ ਨਜ਼ਰ ਆਉਣਗੇ।

ਝੁਠੇ ਪਰਚੇ ਦਰਜ਼ ਕਰਵਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਜੋੜੇਮਾਜਰਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਸਮਿਆਂ ਅੰਦਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹੋਰ ਲੋਕਾਂ ਤੇ ਝੁਠੇ ਪਰਚੇ ਦਰਜ਼ ਕਰਵਾਉਣ ਦੇ ਮਾਮਲੇ ਦੀ ਛੇਤੀ ਹੀ ਜਾਂਚ ਕਰਵਾਈ ਜਾਵੇਗੀ ਅਤੇ ਇਹ ਪਰਚੇ ਰੱਦ ਕੀਤੇ ਜਾਣਗੇ ਅਤੇ ਝੁਠੇ ਪਰਚੇ ਦਰਜ਼ ਕਰਵਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਅਤੇ ਲੋਕਾਂ ਵੱਲੋਂ ਸਾਡੀ ਪਾਰਟੀ ਤੇ ਵਿਖਾਏ ਵਿਸ਼ਵਾਸ਼ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਵਿਸ਼ਵਾਸ਼ ਤੇ ਪੂਰੇ ਉਤਰੀਏ ਅਤੇ ਇਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।