ਮੂਲ ਲੇਖਕ – ਪਵਨ ਮਹਿਰਾ
ਪੰਜਾਬੀ ਅਨੁਵਾਦ – ਮਸਤਾਂਨ ਸਿੰਘ ਪਾਬਲਾ
ਇੱਕ ਵਾਰ ਫ਼ਿਲਮ ਅਦਾਕਾਰ ਅਸ਼ੋਕ ਕੁਮਾਰ ਦੀ ਪਤਨੀ ਸ਼ੋਭਾ ਦੇਵੀ ਕਾਫੀ ਬੀਮਾਰ ਹੋ ਗਈ । ਬੰਬਈ ਵਿੱਚ ਡਾਕਟਰਾਂ ਨੂੰ ਵਿਖਾਇਆ ਪਰ ਕੋਈ ਫਰਕ ਨਾਂ ਪਿਆ । ਅਸ਼ੋਕ ਕੁਮਾਰ ਪਰੇਸ਼ਾਨ ਹੋ ਗਏ । ਅਜਿਹੇ ਵਿੱਚ ਉਨ੍ਹਾਂ ਦੇ ਇੱਕ ਬੰਗਾਲੀ ਮਿੱਤਰ ਨੇ ਉਨ੍ਹਾਂ ਨੂੰ ਕਲਕੱਤਾ ਵਿੱਚ ਇੱਕ ਡਾਕਟਰ ਵਾਰੇ ਦੱਸਿਆ । ਪਤਨੀ ਸ਼ੋਭਾ ਦੇਵੀ ਨੂੰ ਉਸ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ । ਮਿੱਤਰ ਨੇ ਦਾਅਵਾ ਕੀਤਾ ਕਿ ਉਹ ਡਾਕਟਰ ਲੱਗਭੱਗ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ ।ਆਪਣੇ ਮਿੱਤਰ ਦੀ ਗੱਲ ਮੰਨ ਕੇ ਪਤਨੀ ਨੂੰ ਉਸ ਕਲਕੱਤੇ ਵਾਲੇ ਡਾਕਟਰ ਦੇ ਕੋਲ ਲੈ ਕੇ ਜਾਣ ਨੂੰ ਤਿਆਰ ਹੋ ਗਏ।
ਉਨ੍ਹਾਂ ਦੇ ਮਿੱਤਰ ਨੇ ਡਾਕਟਰ ਕੋਲੋਂ ਸਮਾਂ ਲੈ ਲਿਆ ਅਤੇ ਅਸ਼ੋਕ ਕੁਮਾਰ ਉਨ੍ਹਾਂ ਦੀ ਪਤਨੀ ਅਤੇ ਉਹ ਮਿੱਤਰ ਤੈਅ ਸਮੇਂ ਤੇ ਕਲਕੱਤਾ ਪਹੁੰਚ ਗਏ ।ਉਹ ਡਾਕਟਰ ਕੇਵਲ ਆਪਣੇ ਘਰ ਵਿਚ ਹੀ ਮਰੀਜ਼ਾਂ ਨੂੰ ਵੇਖਦੇ ਸਨ ।ਉਨ੍ਹਾਂ ਦਾ ਕੋਈ ਕਲੀਨਿਕ ਨਹੀਂ ਸੀ । ਮਿੱਤਰ ਨਾਲ ਸੀ ਤਾਂ ਡਾਕਟਰ ਸਾਹਿਬ ਦਾ ਘਰ ਲੱਭਣ ਵਿੱਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ।ਉਸ ਡਾਕਟਰ ਦੇ ਘਰ ਵਿੱਚ ਪਹੁੰਚ ਕੇ ਅਸ਼ੋਕ ਕੁਮਾਰ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ ।ਅਸ਼ੋਕ ਕੁਮਾਰ ਨੇ ਜਦੋਂ ਘਰ ਵਿੱਚ ਇਧਰ ਉੱਧਰ ਨਜ਼ਰ ਦੌੜਾਈ ਤਾਂ ਉਨ੍ਹਾਂਨੂੰ ਇੱਕ ਗੱਲ ਬੜੀ ਅਜੀਬ ਲੱਗੀ ਉੱਥੇ ਮੌਜੂਦ ਅਲਮਾਰੀਆਂ ਰਾਜਨੀਤੀ ਦੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਸਨ । ਉਹ ਇਹ ਸੋਚ ਕੇ ਹੈਰਾਂਨ ਸਨ ਕਿ ਇੱਕ ਡਾਕਟਰ ਦੇ ਘਰ ਵਿੱਚ ਮੈਡੀਕਲ ਦੀਆਂ ਕਿਤਾਬਾਂ ਦੀ ਬਜਾਏ ਰਾਜਨੀਤੀ ਕਿਤਾਬਾਂ ਦਾ ਕੀ ਕੰਮ ਹੋ ਸਕਦਾ ਹੈ ?
ਅਜੇ ਅਸ਼ੋਕ ਕੁਮਾਰ ਇਸ ਉਧੇੜਬੁਣ ਵਿੱਚ ਹੀ ਸਨ ਕਿ ਡਾਕਟਰ ਸਾਬ੍ਹ ਦਾ ਬੁਲਾਵਾ ਆ ਗਿਆ ।ਆਪਣੇ ਮਿੱਤਰ ਅਤੇ ਪਤਨੀ ਨੂੰ ਨਾਲ ਲੈ ਕੇ ਉਹ ਡਾਕਟਰ ਦੇ ਕੈਬਨ ਵਿੱਚ ਆ ਗਏ ।ਕੈਬਨ ਵਿੱਚ ਜਾ ਕੇ ਅਸ਼ੋਕ ਕੁਮਾਰ ਫਿਰ ਚੌਂਕ ਗਏ । ਡਾਕਟਰ ਸਾਬ੍ਹ ਗੀਤਾ ਪੜ੍ਹ ਰਹੇ ਸਨ ।ਇੱਥੇ ਵੀ ਰਾਜਨੀਤੀ ਦੀਆਂ ਪੁਸਤਕਾਂ ਡਾਕਟਰ ਸਾਬ੍ਹ ਦੇ ਆਸੇ ਪਾਸੇ ਪਈਆਂ ਸਨ। ਇੱਕ ਕਿਤਾਬ ਮੂਧੇ ਮੂੰਹ ਉਨ੍ਹਾਂ ਦੇ ਟੇਬਲ ਉੱਤੇ ਪਈ ਸੀ ।ਸ਼ਾਇਦ ਉਹ ਉਸਨੂੰ ਵੀ ਪੜ੍ਹ ਰਹੇ ਹੋਣਗੇ ?
ਰਸਮੀ ਗੱਲਾਂ ਦੇ ਬਾਅਦ ਡਾਕਟਰ ਸਾਬ੍ਹ ਨੇ ਉਨ੍ਹਾਂ ਦੀ ਪਤਨੀ ਦਾ ਚੈੱਕਅਪ ਕੀਤਾ ਅਤੇ ਬੜੇ ਸ਼ਾਂਤ ਸੁਭਾਅ ਨਾਲ ਦਵਾਈਆਂ ਲਿਖਣ ਵਿੱਚ ਮਗਨ ਹੋ ਗਏ । ਅਸ਼ੋਕ ਕੁਮਾਰ ਨੇ ਆਪਣੇ ਮਿੱਤਰ ਵਲ ਦੇਖਿਆ ਅਤੇ ਅਤੇ ਫਿਰ ਆਪਣੀ ਪਤਨੀ ਵਲ ਇਸ਼ਾਰਾ ਕਰਕੇ ਪੁੱਛਿਆ “ਡਾਕਟਰ ਸਾਬ੍ਹ ਇਹ ਕਦੋਂ ਤੱਕ ਭਲੀ ਚੰਗੀ ਹੋ ਜਾਵੇਗੀ ਅਤੇ ਅਖਿਰ ਉਹਨੂੰ ਕੀ ਬਿਮਾਰੀ ਹੈ ?”
ਡਾਕਟਰ ਸਾਬ ਨੇ ਆਪਣਾ ਚਸ਼ਮਾ ਸਾਫ਼ ਕਰਦੇ ਹੋਏ ਬੜੇ ਆਰਾਮ ਨਾਲ ਕਿਹਾ . . . . . . “ਤੁਸੀ ਘਬਰਾਓ ਨਾਂ ਇਹ ਕੋਈ ਖਾਸ ਬਿਮਾਰੀ ਨਹੀਂ , ਬਸ ਥੋੜ੍ਹਾ ਖਾਣ ਪੀਣ ਦਾ ਪਰਹੇਜ਼ ਕਰੋ ਤਾਂ ਛੇਤੀ ਠੀਕ ਹੋ ਜਾਵੇਗੀ। ਤੁਸੀ ਇਹ ਦਵਾਈਆਂ ਸਮੇਂ ਸਿਰ ਦਿੰਦੇ ਰਹੋ “ ਇਹ ਸੁਣਕੇ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਮਿੱਤਰ ਨੂੰ ਥੋੜ੍ਹੀ ਰਾਹਤ ਮਿਲੀ |
ਜਦੋਂ ਤਿੰਨੋਂ ਚੱਲਣ ਲੱਗੇ ਤਾਂ ਫੀਸ ਦੀ ਗੱਲ ਆਈ “ਮੈਂ ਫ਼ੀਸ ਨਹੀਂ ਲੈਂਦਾ” ਡਾਕਟਰ ਦਾ ਜਵਾਬ ਸੁਣ ਕੇ ਅਸ਼ੋਕ ਜੀ ਫਿਰ ਹੈਰਾਨ ਹੋ ਗਏ । ਉਨ੍ਹਾਂ ਨੇ ਡਾਕਟਰ ਦਾ ਧੰਨਵਾਦ ਕੀਤਾ ਅਤੇ ਕੈਬਨ ਤੋਂ ਬਾਹਰ ਆਉਣ ਲਈ ਮੁੜ ਗਏ | ਲੇਕਿਨ ਅਚਾਨਕ ਅਸ਼ੋਕ ਕੁਮਾਰ ਵਾਪਸ ਮੁੜੇ ਅਤੇ ਡਾਕਟਰ ਵਲ ਮੁਖਾਤਿਬ ਹੋ ਕੇ ਬੋਲੇ . . . . . . “ਡਾਕਟਰ ਸਾਬ ਇੱਕ ਗੱਲ ਪੁੱਛਾਂ, ਤੁਸੀ ਬੁਰਾ ਤਾਂ ਨਹੀਂ ਮਾਨਾਉਗੇ , ਕੀ ਤੁਹਾਡੀ ਰਾਜਨੀਤੀ ਵਿੱਚ ਕੋਈ ਖਾਸ ਦਿਲਚਸਪੀ ਹੈ ? “ ਅਸ਼ੋਕ ਕੁਮਾਰ ਦੇ ਮੂੰਹ ਤੋਂ ਇਹ ਗੱਲ ਸੁਣਕੇ ਉਨ੍ਹਾਂ ਦੇ ਨਾਲ ਆਏ ਮਿੱਤਰ ਉਨ੍ਹਾਂ ਨੂੰ ਕੂਹਣੀ ਮਾਰਨ ਲੱਗੇ ਅਤੇ ਉਨ੍ਹਾਂ ਦਾ ਕੁੜਤਾ ਖਿੱਚ ਕੇ ਉਨ੍ਹਾਂ ਨੂੰ ਇਹ ਗੱਲ ਨਾਂ ਪੁੱਛਣ ਲਈ ਕਹਿਣ ਲੱਗੇ ।
ਲੇਕਿਨ ਅਸ਼ੋਕ ਕੁਮਾਰ ਨੂੰ ਕੁੱਝ ਸਮਝ ਨਾਂ ਆਇਆ . . . ਡਾਕਟਰ ਸਾਬ੍ਹ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ . . . . . “ਕਿਉਂ ਰਾਜਨੀਤੀ ਕੋਈ ਬੁਰੀ ਚੀਜ਼ ਹੈ ? . . . . ਉਂਜ ਸੱਚ ਕਹਾਂ ਤਾਂ ਮੈਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ ਹੈ ਜਾਂ ਤੁਸੀ ਕਹਿ ਲਓ , ਘੁੱਟੀ ਵਿੱਚ ਮਿਲੀ ਹੈ . . . ਇਹ ਡਾਕਟਰੀ ਤਾਂ ਮੇਰਾ ਪੇਸ਼ਾ ਨਹੀਂ ਸ਼ੌਂਕ ਹੈ “ ਡਾਕਟਰ ਸਾਬ੍ਹ ਦਾ ਜਵਾਬ ਸੁਣਕੇ ਅਸ਼ੋਕ ਕੁਮਾਰ ਡਾਕਟਰ ਤੋਂ ਵਿਦਾ ਲੈ ਕੇ ਮਿੱਤਰ ਅਤੇ ਪਤਨੀ ਦੇ ਨਾਲ ਘਰ ਤੋਂ ਬਾਹਰ ਆ ਗਏ।
ਘਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਦੇ ਮਿੱਤਰ ਨੇ ਉਨ੍ਹਾਂ ਨੂੰ ਕਿਹਾ “ਯਾਰ ਤੂੰ ਵੀ ਅਜੀਬ ਆਦਮੀ ਹੈਂ ,ਬੰਗਾਲ ਦੇ ਮੁੱਖ ਮੰਤਰੀ ਡਾਕਟਰ ਡਾ. ਬਿਧਾਨ ਚੰਦਰ ਰਾਏ ਨੂੰ ਹੀ ਪੁੱਛ ਰਿਹਾ ਸੀ ਕਿ ਕੀ ਤੁਹਾਡੀ ਰਾਜਨੀਤੀ ਵਿੱਚ ਕੋਈ ਖ਼ਾਸ ਦਿਲਚਸਪੀ ਹੈ ? ਭਲਾ ਉਹ ਕੀ ਸੋਚਣਗੇ ? “
ਹੁਣ ਉਛਲਣ ਦੀ ਵਾਰੀ ਅਸ਼ੋਕ ਕੁਮਾਰ ਦੀ ਸੀ . . . . . . “ਡਾ॰ ਬਿਧਾਨ ਚੰਦਰ ਰਾਏ ? ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੂੰ ਮੈਨੂੰ ਉਨ੍ਹਾਂ ਦੇ ਘਰ ਲੈ ਕੇ ਜਾ ਰਿਹਾਂ ? ਮੈਂ ਉਸ ਇੱਜਤਦਾਰ ਨਾਲ ਦੋ ਮਿੰਟ ਗੱਲ ਵੀ ਨਹੀਂ ਕਰ ਪਾਇਆ ।ਅਸ਼ੋਕ ਕੁਮਾਰ ਨੂੰ ਆਪਣੀ ਗਲਤੀ ਉੱਤੇ ਗੁੱਸਾ ਆ ਰਿਹਾ ਸੀ ਲੇਕਿਨ ਉਹ ਮਨ ਮਸੋਸ ਕੇ ਰਹਿ ਗਏ . . . . . . . ਹਾਲਾਂਕਿ ਬਾਅਦ ਵਿੱਚ ਅਸ਼ੋਕ ਕੁਮਾਰ ਦੀ ਮੁਲਾਕਾਤ ਡਾ॰ ਬਿਧਾਨ ਚੰਦਰ ਰਾਏ ਨਾਲ ਕਈ ਵਾਰ ਹੋਈ ਲੇਕਿਨ ਉਹ ਪਹਿਲੀ ਮੁਲਾਕਾਤ ਅਨੋਖੀ ਸੀ ਜਿਸਨੂੰ ਉਹ ਪੂਰੀ ਜਿੰਦਗੀ ਨਹੀਂ ਭੁੱਲ ਸਕੇ ।ਦਰਅਸਲ ਗਲਤੀ ਉਨ੍ਹਾਂ ਦੇ ਮਿੱਤਰ ਦੀ ਸੀ ਜਿਸਨੇ ਉਨ੍ਹਾਂਨੂੰ ਵਿਸਥਾਰ ਨਾਲ ਦੱਸਿਆ ਹੀ ਨਹੀਂ ਸੀ ਕਿ ਉਹ ਕਿਸਦੇ ਘਰ ਜਾ ਰਹੇ ਹਨ ? ਉਨ੍ਹਾਂ ਨੂੰ ਸਿਰਫ ਇਨਾਂ ਪਤਾ ਸੀ ਕਿ ਉਹ ਕਿਸੇ ਡਾਕਟਰ ਦੇ ਘਰ ਜਾ ਰਹੇ ਹਨ।
ਹੁਣ ਗੱਲ ਉਸ ਡਾ. ਬਿਧਾਨ ਚੰਦਰ ਦੀ
ਡਾ. ਬਿਧਾਨ ਚੰਦਰ ਰਾਏ ਇੱਕ ਮਾਹਰ ਡਾਕਟਰ ਅਤੇ ਸੁਤੰਤਰਤਾ ਸੈਨਾਨੀ ਸਨ ।ਬਿਧਾਨ ਚੰਦਰ ਦੇ ਪੁਰਖੇ ਬੰਗਾਲ ਦੇ ਰਾਜਘਰਾਨੇ ਨਾਲ ਸੰਬੰਧਿਤ ਸਨ ਅਤੇ ਉਨ੍ਹਾਂ ਨੇ ਮੁਗ਼ਲਾਂ ਦਾ ਜੰਮ ਕੇ ਮੁਕਾਬਲਾ ਕੀਤਾ ਸੀ । ਡਾ. ਬਿਧਾਨ ਚੰਦਰ ਰਾਏ ਮਹਾਰਾਜਾ ਪ੍ਰਤਾਪਦਿਤਿਆ ਦੇ ਵੰਸ ‘ਚੋਂ ਸਨ । ਉਹ ਪੱਛਮ ਬੰਗਾਲ ਦੇ ਦੂਜੇ ਮੁੱਖ ਮੰਤਰੀ ਰਹੇ । 14 ਜਨਵਰੀ 1948 ਤੋਂ ਆਪਣੀ ਮੌਤ ਤੱਕ ਲਗਾਤਾਰ 14 ਸਾਲ ਤੱਕ ਉਹ ਇਸ ਪਦ ਉੱਤੇ ਰਹੇ । ਉਨ੍ਹਾਂ ਨੂੰ ਸਾਲ 1961 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ । 1 ਜੁਲਾਈ 1962 ਨੂੰ ਉਨ੍ਹਾਂ ਦੇ ਜਨਮਦਿਨ ਦੇ ਹੀ ਦਿਨ ਉਨ੍ਹਾਂ ਦੀ ਮੌਤ ਹੋਈ |
ਉਨ੍ਹਾਂ ਦੇ ਜਨਮਦਿਨ 1 ਜੁਲਾਈ ਨੂੰ ਭਾਰਤ ਵਿੱਚ ਚਿਕਿਤਸਕ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਬਿਧਾਨ ਚੰਦਰ ਰਾਏ ਇੱਕ ਮਹਾਨ ਵਿਆਕਤੀ ਸਨ ।ਬੰਗਾਲ ਵਿੱਚ ਅੱਜ ਵੀ ਲੋਕ ਉਨ੍ਹਾਂ ਦਾ ਨਾਮ ਬੜੀ ਇੱਜ਼ਤ ਨਾਲ ਲੈਂਦੇ ਹਨ । ਅੱਜ ਕਲ ਅਜਿਹੇ ਮੁੱਖਮੰਤਰੀ ਕਿੱਥੇ ਹਨ । . . . . . ਬਾਅਦ ਵਿੱਚ ਅਸ਼ੋਕ ਕੁਮਾਰ ਨੇ ਇਸ ਮਜੇਦਾਰ ਘਟਨਾ ਦਾ ਜਿਕਰ 14 ਜੁਲਾਈ 1963 ਨੂੰ ਛਪੀ ਮਸ਼ਹੂਰ ਪਤ੍ਰਿਕਾ ਧਰਮ-ਯੁੱਗ ਦੇ ਅੰਕ ਵਿੱਚ ਵੀ ਕੀਤਾ।