Bharatiya Kisan Union

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਲਾਏ ਗਏ ਪੱਕੇ ਮੋਰਚੇ ਦਾ ਅੱਜ ਨੌਵਾਂ ਦਿਨ

ਸੰਗਰੂਰ 17 ਅਕਤੂਬਰ 2022: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ (Bharatiya Kisan Union Ekta-Ugrahan) ਵੱਲੋਂ ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਇੱਥੇ ਲਾਏ ਗਏ ਅਣਮਿਥੇ ਸਮੇਂ ਦੇ ਪੱਕੇ ਮੋਰਚੇ ਦਾ ਨੌਵਾਂ ਦਿਨ ਸੋਗ ਅਤੇ ਰੋਹ ਭਰਪੂਰ ਰਿਹਾ। ਸਟੇਜ ਦੀ ਸ਼ੁਰੂਆਤ ਰਾਤੀਂ ਸੱਪ ਲੜਨ ਨਾਲ ਸ਼ਹੀਦ ਹੋਏ ਕਿਸਾਨ ਗੁਰਚਰਨ ਸਿੰਘ ਬਖੌਰਾ ਕਲਾਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਰਾਹੀਂ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ।

ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਜੁੜੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਦੀ ਮੌਤ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨੇ ਕਿਸਾਨਾਂ ਨੂੰ ਹਨ੍ਹੇਰੀਆਂ ਰਾਤਾਂ ਸੜਕ ਕਿਨਾਰੇ ਸੱਪਾਂ ਦੇ ਘਰ ਝਾੜੀਆਂ ਵਿੱਚ ਬਿਤਾਉਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਜੀਅ ਨੂੰ ਪੱਕੀ ਨੌਕਰੀ ਤੋਂ ਇਲਾਵਾ ਪ੍ਰਵਾਰ ਜ਼ਿੰਮੇ ਖੜ੍ਹੇ ਸਮੁੱਚੇ ਕਰਜ਼ੇ ਦੇ ਖਾਤਮੇ ਦੀ ਮੰਗ ਕੀਤੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਫੌਰੀ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਸ਼ਹੀਦ ਕਿਸਾਨ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

sangrur

ਧਰਨੇ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਮਰੀਕ ਸਿੰਘ ਗੰਢੂਆਂ, ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਮੋਗਾ, ਲਖਵਿੰਦਰ ਸਿੰਘ ਮੰਜਿਆਂਵਾਲੀ ਗੁਰਦਾਸਪੁਰ, ਯੁਵਰਾਜ ਸਿੰਘ ਘੁਡਾਣੀ ਲੁਧਿਆਣਾ, ਜਗਦੇਵ ਸਿੰਘ ਜੋਗੇਵਾਲਾ ਮਾਨਸਾ,ਮਾਲਣ ਕੌਰ ਕੋਠਾਗੁਰੂ ਬਠਿੰਡਾ ਅਤੇ ਸੁੱਚਾ ਸਿੰਘ ਕੋਟਭਾਈ ਮੁਕਤਸਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਮੁੜ ਤਰਤੀਬ ਦੇ ਕੇ ਮਾਨ ਸਰਕਾਰ ਨੂੰ ਭੇਜੇ ਗਏ ਯਾਦ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਤੁਰਤ ਦਿੱਤਾ ਜਾਵੇ।

ਇਸਦੀ ਨਾਂ-ਮਾਤਰ ਵਰਤੋਂ ਬਾਰੇ 27-7-22 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕੀਤਾ ਜਾਵੇ।

ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਮੁੜ ਬਹਾਲ ਕਰਨ ਬਾਰੇ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ।

ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ‘ਚੋਂ ਬਾਹਰ ਕੱਢਿਆ ਜਾਵੇ। ਝੋਨੇ ਦੇ ਔਸਤ ਝਾੜ ਅਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸ਼ੁਦਾ ਮੁਆਵਜ਼ੇ ਕਾਸ਼ਤਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਦੇਣ, ਭੰਗਾਲਾ(ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ਼ ਸੌਂਪੇ ਜਾਣ।

ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣ ਦੀ ਬਜਾਏ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨ ਦੀ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਦਸਤਾਵੇਜ਼ ਦਿੱਤਾ ਜਾਵੇ। ਬੁਲਾਰਿਆਂ ਨੇ ਪੰਜਾਬ ਦੇ ਕੁੱਝ ਮੌਕਾਪ੍ਰਸਤ ਫਿਰਕਾਪ੍ਰਸਤ ਆਗੂਆਂ ਦੀ ਲੋਕਾਂ ‘ਚ ਪਾਟਕ ਪਾਊ ਨੀਤੀ ਦੀ ਨਿੰਦਾ ਕਰਦਿਆਂ ਜਥੇਬੰਦੀ ਦੀ ਧਰਮ ਨਿਰਪੱਖਤਾ ਅਤੇ ਵੋਟ ਸਿਆਸਤ ਤੋਂ ਨਿਰਲੇਪਤਾ ਦੀ ਨੀਤੀ ਉੱਤੇ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੇ ਜਾਣ ਤੱਕ ਮੋਰਚੇ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਬਰਾਸ ਪਟਿਆਲਾ ਨੇ ਨਿਭਾਈ ।

Scroll to Top