Gurdaspur

ਗੁਰਦਾਸਪੁਰ ਸ਼ਹਿਰ ਨੂੰ ਸਫ਼ਾਈ ਪੱਖੋਂ ਖ਼ੂਬਸੂਰਤ ਬਣਾਉਣ ਲਈ ਡਿਪਟੀ ਕਮਿਸ਼ਨਰ ਵਲੋਂ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ

ਗੁਰਦਾਸਪੁਰ 26 ਅਗਸਤ 2022: ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਗੁਰਦਾਸਪੁਰ (Gurdaspur) ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਅੱਜ ਸਥਾਨਕ ਰਵਿਦਾਸ ਚੌਂਕ ਤੋਂ ‘ਮੇਰਾ ਸ਼ਹਿਰ ਮੇਰਾ ਮਾਣ’ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਨੇ ਖ਼ੁਦ ਸ਼ਹਿਰ ਵਿੱਚ ਸਫ਼ਾਈ ਵੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਨਦੀਪ ਕੌਰ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਈ.ਓ. ਨਗਰ ਕੌਂਸਲ ਅਸ਼ੋਕ ਕੁਮਾਰ ਅਤੇ ਸਫ਼ਾਈ ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਨੁਮਾਂਇੰਦੇ ਵੀ ਮੌਜੂਦ ਰਹੇ |

‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਜੋ ਕਿ ਜ਼ਿਲ੍ਹਾ ਸਦਰ ਮੁਕਾਮ ਦਾ ਦਰਜਾ ਵੀ ਰੱਖਦਾ ਹੈ | ਇਸ ਸ਼ਹਿਰ ਨੂੰ ਸਫ਼ਾਈ ਪੱਖੋਂ ਹੋਰ ਵੀ ਬਿਹਤਰ ਬਣਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ (Gurdaspur) ਵੱਲੋਂ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਇੱਕ ਵਾਰਡ ਨੂੰ ਚੁਣ ਕੇ ਉੱਥੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾਵੇਗਾ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਦੇ ਕੂੜੇ ਨੂੰ ਸੈਗਰੀਗੇਟ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕੂੜੇ ਦਾ ਨਿਪਟਾਰਾ ਵਿਗਿਅਨਿਕ ਢੰਗ ਨਾਲ ਕਰਕੇ ਡੰਪਾਂ ਨੂੰ ਖ਼ਤਮ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਕੌਂਸਲ ਦੇ ਨਾਲ ਹਰ ਸ਼ਹਿਰ ਵਾਸੀ ਦੀ ਵੀ ਜਿੰਮੇਵਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਨੂੰ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

Scroll to Top