Site icon TheUnmute.com

ਸੰਦੇਸ਼ਖਾਲੀ ਹਿੰਸਾ ਮਾਮਲੇ ‘ਚ TMC ਆਗੂ ਸ਼ਾਹਜਹਾਂ ਸ਼ੇਖ ਗ੍ਰਿਫਤਾਰ, ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜਿਆ

Shahjahan Sheikh

ਚੰਡੀਗੜ੍ਹ, 29 ਫਰਵਰੀ 2024: ਪੱਛਮੀ ਬੰਗਾਲ ‘ਚ ਸੰਦੇਸ਼ਖਾਲੀ ਹਿੰਸਾ ਮਾਮਲੇ ‘ਚ ਕਥਿਤ ਮੁੱਖ ਮੁਲਜ਼ਮ ਸ਼ਾਹਜਹਾਂ ਸ਼ੇਖ (Sheikh Shahjahan) ਨੂੰ ਵੀਰਵਾਰ ਨੂੰ 55 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਆਗੂ ਸ਼ੇਖ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਾਫ਼ੀ ਸਮੇਂ ਤੋਂ ਭਾਲ ਕਰ ਰਹੀ ਸੀ। ਪੁਲਿਸ ਨੇ ਕਲਕੱਤਾ ਹਾਈਕੋਰਟ ਦੇ ਹੁਕਮਾਂ ‘ਤੇ ਸ਼ਾਹਜਹਾਂ ਸ਼ੇਖ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਹਜਹਾਂ ਸ਼ੇਖ ਨੂੰ ਬਸ਼ੀਰਹਾਟ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੱਖਣੀ ਬੰਗਾਲ ਦੇ ਏਡੀਜੀ ਸੁਪ੍ਰਤਿਮ ਸਰਕਾਰ ਨੇ ਕਿਹਾ ਕਿ ਸ਼ਾਹਜਹਾਂ ਨੂੰ ਰਾਸ਼ਨ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਮਾਮਲੇ ‘ਚ 5 ਜਨਵਰੀ 2024 ਨੂੰ ਈਡੀ ਦੇ ਅਧਿਕਾਰੀਆਂ ‘ਤੇ ਛਾਪੇਮਾਰੀ ਦੌਰਾਨ ਹਮਲਾ ਹੋਇਆ ਸੀ।

ਪੁਲਿਸ ਦੇ ਮੁਤਾਬਕ ਸ਼ਾਹਜਹਾਂ ਸ਼ੇਖ (Sheikh Shahjahan) ਉੱਤਰੀ 24 ਪਰਗਨਾ ਜ਼ਿਲੇ ਦੇ ਮੀਨਾਖਾ ‘ਚ ਇਕ ਘਰ ‘ਚ ਲੁਕਿਆ ਹੋਇਆ ਸੀ, ਜਿੱਥੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਪਰ ਅਦਾਲਤ ਨੇ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ।

ਜਿਕਰਯੋਗ ਹੈ ਕਿ ਜ਼ਿਲੇ ਦੇ ਸੰਦੇਸ਼ਖਾਲੀ ਦੀਆਂ ਬੀਬੀਆਂ ਨੇ ਸ਼ਾਹਜਹਾਂ ਸ਼ੇਖ ਅਤੇ ਉਸਦੇ ਸਮਰਥਕਾਂ ‘ਤੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਦੇ ਠੇਕੇ ਹੜੱਪਣ ਦੇ ਦੋਸ਼ ਲਗਾਏ ਹਨ। ਰਾਜ ਦੇ ਐਡਵੋਕੇਟ ਜਨਰਲ ਦੀ ਅਰਜ਼ੀ ‘ਤੇ ਹਾਈਕੋਰਟ ਨੇ ਪਿਛਲੇ ਸੋਮਵਾਰ ਨੂੰ ਸ਼ਾਹਜਹਾਂ ਸ਼ੇਖ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਸੀ।

ਜਸਟਿਸ ਟੀਐਸ ਸ਼ਿਵਾਗਨਮ ਦੀ ਇਕਹਿਰੀ ਬੈਂਚ ਨੇ ਆਪਣੇ 7 ਫਰਵਰੀ ਦੇ ਹੁਕਮ ਵਿਚ ਈਡੀ ਅਧਿਕਾਰੀਆਂ ‘ਤੇ ਹਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਪੱਛਮੀ ਬੰਗਾਲ ਪੁਲਿਸ ਦੀ ਸਾਂਝੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ‘ਤੇ ਰੋਕ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਸੀਬੀਆਈ ਅਤੇ ਈਡੀ ਸ਼ੇਖ ਨੂੰ ਗ੍ਰਿਫਤਾਰ ਕਰਨ ਲਈ ਆਜ਼ਾਦ ਹਨ।

ਇਸ ਦੇ ਨਾਲ ਹੀ ਸੂਬੇ ਦੀ ਵਿਰੋਧੀ ਧਿਰ ਭਾਜਪਾ ਇਸ ਮੁੱਦੇ ‘ਤੇ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਸੰਦੇਸ਼ਖਾਲੀ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਅਤੇ ਟੀਐਮਸੀ ਆਗੂਆਂ ਦੇ ਕਥਿਤ ਅੱਤਿਆਚਾਰਾਂ ਦੇ ਖ਼ਿਲਾਫ਼ ਉਨ੍ਹਾਂ ਦਾ ਵਿਰੋਧ ਜਾਰੀ ਹੈ। ਪਾਰਟੀ ਦੀ ਸੂਬਾ ਇਕਾਈ ਦੇ ਪ੍ਰਮੁੱਖ ਆਗੂਆਂ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਜਪਾ ਦੇ ਬੁਲਾਰੇ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਬੰਗਾਲ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ।

Exit mobile version