ਚੰਡੀਗੜ੍ਹ 16 ਜੁਲਾਈ 2022: ਗੁਰਦਾਸਪੁਰ ਪੁਲਿਸ ਦੇ ਤਿੰਨ ਮੁਲਾਜ਼ਮਾਂ ‘ਤੇ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਨ੍ਹਾਂ ਨਾਲ ਬੁਰੀ ਤਰਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਤਿੰਨ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਥਾਨਕ ਵਪਾਰਕ ਸੰਗਠਨਾਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਇਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਸਦੇ ਨਾਲ ਹੀ ਨੌਜਵਾਨ ਮੁਕੇਸ਼ ਮਹਾਜਨ ਵਾਸੀ ਬਹਿਰਾਮਪੁਰ ਰੋਡ ਤੇ ਕੁਸ਼ਾਲ ਵਾਸੀ ਬਾਜਵਾ ਕਾਲੋਨੀ ਦਾ ਹਸਪਤਾਲ ਵਿੱਚ ਇਲਾਜ ਚੱਲ੍ਹ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੱਸਿਆ ਕਿ ਕੁਸ਼ਾਲ ਨੇ ਨਵਾਂ ਆਈਫੋਨ ਲਿਆ ਸੀ ਤੇ ਉਹ ਆਪਣੇ ਇਕ ਹੋਰ ਦੋਸਤ ਦੇ ਘਰ ਪਿੰਡ ਹੱਲਾਂ ਵਿੱਚ ਚਾਹ ਪਾਰਟੀ ਕਰ ਰਹੇ ਸਨ।
ਇਸ ਦੌਰਾਨ ਉਥੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਤੇ ਤਿੰਨ ਹੋਰ ਏਐਸਆਈ ਕਸ਼ਮੀਰ ਸਿੰਘ, ਸਤਪਾਲ ਅਤੇ ਹਰਜੀਤ ਆ ਗਏ ਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।ਉਨ੍ਹਾਂ ਕਿਹਾ ਕਿ ਉਸਦੇ ਦੋਸਤ ਤਾਂ ਉਥੋਂ ਭੱਜ ਗਏ ਪਰ ਪੁਲਿਸ ਮੁਲਾਜ਼ਮਾਂ ਨੇ ਕੁਸ਼ਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਕੇਸ਼ ਮਹਾਜਨ ਨੂੰ ਵੀ ਨੇੜਿਓ ਦੁਕਾਨ ਤੋਂ ਫੜ੍ਹਕੇ ਅਣਪਛਾਤੀ ਥਾਂ ਉਤੇ ਲੈ ਗਏ। ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸਿਟੀ ਰਿਪੂਤਪਨ ਸਿੰਘ ਨੇ ਏਐਸਆਈ ਕਸ਼ਮੀਰ ਸਿੰਘ, ਸਤਪਾਲ ਸਿੰਘ ਤੇ ਹਰਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਤਿੰਨਾਂ ਖਿਲਾਫ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।