June 30, 2024 9:59 pm
Mulayam Singh Yadav

ਉੱਘੇ ਸਿਆਸਤਦਾਨ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ‘ਤੇ ਯੂਪੀ ‘ਚ ਤਿੰਨ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ

ਚੰਡੀਗੜ੍ਹ 10 ਅਕਤੂਬਰ 2022: ਉੱਘੇ ਸਿਆਸਤਦਾਨ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੇ ਦੇਹਾਂਤ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਤਿੰਨ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਯਾਦ ਕਰਦਿਆਂ ਕਿਹਾ ਕਿ ਮੁਲਾਇਮ ਸਿੰਘ ਯਾਦਵ “ਐਮਰਜੈਂਸੀ ਦੌਰਾਨ ਲੋਕਤੰਤਰ ਲਈ ਇਕ ਪ੍ਰਮੁੱਖ ਸਿਪਾਹੀ” ਸਨ।

ਮੁਲਾਇਮ ਸਿੰਘ ਯਾਦਵ (Mulayam Singh Yadav) ਨੇ ਅੱਜ ਸਵੇਰੇ 82 ਸਾਲ ਦੀ ਉਮਰ ਵਿੱਚ 8.16 ਵਜੇ ਆਖਰੀ ਸਾਹ ਲਏ । ਮੁਲਾਇਮ ਸਿੰਘ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਵੈਂਟੀਲੇਟਰ ‘ਤੇ ਸਨ। ਬੀਤੇ ਐਤਵਾਰ ਤੋਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਸਪਾ ਵਰਕਰਾਂ ‘ਚ ਸੋਗ ਦੀ ਲਹਿਰ ਹੈ।

ਤੁਹਾਨੂੰ ਦੱਸ ਦੇਈਏ ਕਿ ਮੁਲਾਇਮ ਸਿੰਘ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ । ਮੁਲਾਇਮ ਸਿੰਘ ਆਪਣੇ ਦਲੇਰ ਸਿਆਸੀ ਫੈਸਲਿਆਂ ਲਈ ਵੀ ਜਾਣੇ ਜਾਂਦੇ ਹਨ | 22 ਅਗਸਤ ਨੂੰ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮੁਲਾਇਮ ਸਿੰਘ ਨੂੰ 1 ਅਕਤੂਬਰ ਦੀ ਰਾਤ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਸੀ। ਮੇਦਾਂਤਾ ਦੇ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਮੁਲਾਇਮ ਸਿੰਘ ਯਾਦਵ ਦਾ ਇਲਾਜ ਕੀਤਾ ਜਾ ਰਿਹਾ ਸੀ।

ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਲਖਨਊ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇੱਥੋਂ ਇਸਨੂੰ ਦੁਬਾਰਾ ਇਟਾਵਾ ਲਿਜਾਇਆ ਜਾਵੇਗਾ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਸਮਾਜਵਾਦ ਦੇ ਮੁੱਖ ਥੰਮ੍ਹ ਅਤੇ ਸੰਘਰਸ਼ੀ ਦੌਰ ਦਾ ਅੰਤ ਹੋ ਗਿਆ ਹੈ।