July 7, 2024 7:23 pm
Navjot Sidhu

ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਥਰਮਲ ਪਲਾਂਟ ਸਾਹਮਣੇ ਠੋਕਿਆ ਧਰਨਾ

ਭਗਵੰਤ ਮਾਨ ਅਨਾੜੀ ਸੀ.ਐਮ. : ਦਿੱਲੀ ਵਿੱਚ ਟਰੇਨਿੰਗ ਲੈਂਦਾ ਫਿਰਦਾ ਹੈ : ਨਵਜੋਤ ਸਿੱਧੂ

ਲੰਬੇ-ਲੰਬੇ ਕੱਟਾਂ ਨੇ ਪੰਜਾਬ ਦੇ ਲੋਕਾਂ ਦਾ ਜੀਨਾ ਕੀਤਾ ਦੁੱਭਰ

ਪੈਡੀ ਸੀਜਨ ‘ਚ 16 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪੂਰੀ ਕਰਨ ‘ਚ ਨਾਕਾਮ ਸਾਬਿਤ ਹੋਵੇਗਾ ਪਾਵਰਕਾਮ

ਪਟਿਆਲਾ/ਰਾਜਪੁਰਾ, 25 ਅਪ੍ਰੈਲ 2022 : ਪੰਜਾਬ ‘ਚ ਵੱਧੀ ਗਰਮੀ ਕਾਰਨ ਆਏ ਬਿਜਲੀ ਸੰਕਟ ਅਤੇ ਆਮ ਆਦਮੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਕਾਰਨ ਅੱਜ ਨਾਭਾ ਥਰਮਲ ਪਲਾਂਟ ਸਾਹਮਣੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਰਾਜਪੁਰਾ ਹਲਕਾ ਦੇ ਇੰਚਾਰਜ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਹਜਾਰਾਂ ਲੋਕਾਂ ਨੇ ਧਰਨਾ ਠੋਕ ਕੇ ਆਪ ਦੀ ਸਰਕਾਰ ਦਾ ਜਨਾਜਾ ਕੱਢਿਆ।

ਸਿੱਧੂ ਨੇ ਕਿਹਾ ਭਗਵੰਤ ਮਾਨ ਅਨਾੜੀ ਸੀ.ਐਮ.

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਜਮਕੇ ਰਗੜੇ ਲਗਾਉਂਦਿਆਂ ਆਖਿਆ ਕਿ ਇਸ ਸਮੇਂ ਭਗਵੰਤ ਮਾਨ ਅਨਾੜੀ ਸੀ.ਐਮ. ਸਾਬਿਤ ਹੋ ਰਿਹਾ ਹੈ, ਜਿਹੜਾ ਦਿੱਲੀ ਵਿਖੇ ਟਰੇਨਿੰਗ ਲੈ ਰਿਹਾ ਹੈ। ਸਿੱਧੂ ਨੇ ਆਖਿਆ ਕਿ ਅੱਜ ਪੰਜਾਬ ਅੰਦਰ ਲੰਬੇ ਲੰਬੇ ਬਿਜਲੀ ਕੱਟ ਲਗ ਰਹੇ ਹਨ ਤੇ ਬਹੁਤੇ ਪਿੰਡਾਂ ਵਿੱਚ ਤਾਂ ਕੱਟ 20-20 ਘੱੰਟੇ ਵੀ ਲੱਗ ਰਹੇ ਹਨ, ਜਿਸਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਦੀ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਹੈ, ਜਿਹੜੇ ਪਹਿਲੇ ਮਹੀਨੇ ਹੀ ਸਭ ਕੁੱਝ ਮੁਕਰ ਗਈ ਹੈ।

ਨਾਭਾ ਥਰਮਲ ਪਲਾਂਟ

ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ 7 ਹਜ਼ਾਰ ਮੈਗਾਵਾਟ ਦੀ ਲੋੜ ਹੈ ਤੇ ਪੈਡੀ ਸੀਜਨ ਮੌਕੇ 16 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪਵੇਗੀ, ਜਿਹੜੀ ਸਰਕਾਰ ਲੋਕਾਂ ਨੂੰ ਅੱਜ ਵੱਡੇ ਕੱਟ ਲਗਾ ਰਹੀ ਹੈ, ਉਹ ਪੈਡੀ ਸੀਜਨ ਵੇਲੇ ਤਾਂ ਲੋਕਾਂ ਦੀ ਬਿਜਲੀ ਹੀ ਬੰਦ ਕਰ ਦੇਵੇਗੀ। ਉਨ੍ਹਾਂ ਆਖਿਆ ਕਿ ਪਹਿਲੇ 40 ਦਿਨਾਂ ਵਿੱਚ ਸਭ ਵਾਅਦੇ ਹਵਾ ਹਵਾਈ ਹੋ ਚੁੱਕੇ ਹਨ। ਨਵਜੋਤ ਸਿੱਧੂ ਨੇ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਨੇ ਵਾਅਦਾ ਕੀਤਾ ਸੀ ਕਿ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪੀਪੀਏ ਸਮਝੌਤੇ ਸਰਕਾਰ ਬਣਦੇ ਹੀ ਰੱਦ ਕਰ ਦਿੱਤੇ ਜਾਣਗੇ ਪਰ ਅੱਜ ਤੱਕ ਇਹ ਕੈਂਸਲ ਨਹੀਂ ਹੋ ਸਕੇ।

ਮੁਫ਼ਤ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੇ ਵੰਡਿਆ ਪੰਜਾਬ

ਊਨ੍ਹਾਂ ਆਖਿਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਝੂਠ ਦੀ ਪੀਐਚਡੀ ਕੀਤੀ ਹੋਈ ਹੈ। ਇਹ ਹਰ ਵਾਅਦੇ ਤੋਂ ਮੁਕਰ ਰਹੇ ਹਨ। ਉਨ੍ਹਾਂ ਆਖਿਆ ਕਿ 600 ਯੂਨਿਟ ਮੁਆਫੀ ਦਾ ਵਾਅਦਾ ਹਰ ਘਰ ਨੂੰ ਕੀਤਾ ਸੀ ਪਰ ਅੱਜ ਦੱਸੇ ਮੁਫ਼ਤ ਬਿਜਲੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਰਾ ਪੰਜਾਬ ਵੰਡ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹੁਣ ਕਾਂਗਰਸ ਦਾ ਵਰਕਰ ਘਰ ਤੋਂ ਨਿਕਲ ਚੁੱਕਿਆ ਹੈ ਤੇ ਲੋਕਾਂ ਦੇ ਮੁੱਦੇ ਸਰਕਾਰ ਨੂੰ ਚੰਗੀ ਤਰ੍ਹਾ ਯਾਦ ਕਰਵਾਏ ਜਾਣਗੇ।

ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਗੋਬਿੰਦਵਾਲ ਥਰਮਲ ਪਲਾਂਟ ਕੋਲ 2 ਦਿਨ ਦਾ ਕੋਲਾ ਬਚਿਆ ਹੈ ਬਾਕਿਆਂ ਕੋਲ 5-5 ਦਿਨ ਦਾ ਕੋਲਾ ਬਚਿਆ ਹੈ । ਪੰਜਾਬ ਹਨ੍ਹੇਰੇ ਦੇ ਸੰਕਟ ਵੱਲ ਵੱਧ ਰਿਹਾ ਹੈ ਪਰ ਆਪ ਸਰਕਾਰ ਬਿਜਲੀ ਦੇ ਲੰਬੇ ਕੱਟ ਲਗਾਕੇ ਸੁੱਤੀ ਪਈ ਹੈ। ਨਵਜੋਤ ਸਿੱਧੂ ਨੇ ਆਖਿਆ ਕਿ ਪੰਜਾਬ ਦੀ ਪੱਗ ਦੀ ਲੜਾਈ ਕਾਂਗਰਸ ਡਟਕੇ ਲੜੇਗੀ। ਉਨ੍ਹਾਂ ਆਖਿਆ ਕਿ ਆਪ ਸਰਕਾਰ ਸਿਰਫ਼ ਦਰਸ਼ਨੀ ਘੋੜੇ ਵਰਗੀ ਸਰਕਾਰ ਸਾਬਿਤ ਹੋ ਰਹੀ ਹੈ।

ਨਾਭਾ ਥਰਮਲ ਪਲਾਂਟ

ਇਸ ਮੌਕੇ ਰਾਜਪੁਰਾ ਹਲਕਾ ਦੇ ਇੰਚਾਰਜ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਲੋਕਾਂ ਦੇ ਮੁੱਦਿਆਂ ਲਈ ਕਾਂਗਰਸ ਡਟਕੇ ਲੜਾਈ ਜਾਰੀ ਰੱਖੇਗੀ। ਉਨ੍ਹਾਂ ਆਖਿਆ ਕਿ ਅੱਜ ਧਰਨੇ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਤੇ ਕਾਂਗਰਸ ਵਰਕਰਾਂ ਦਾ ਉਹ ਧੰਨਵਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਇਹ ਲੜਾਈ ਡਟਕੇ ਜਾਰੀ ਰਹੇਗੀ। ਇਸ ਮੌਕੇ ਅਸ਼ਵਨੀ ਸੇਖੜੀ ਸਾਬਕਾ ਮੰਤਰੀ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਾਜਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਕਰਨਵੀਰ ਸਿੰਘ ਢਿੱਲੋਂ, ਨਰਿੰਦਰ ਪਾਲ ਲਾਲੀ ਜ਼ਿਲਾ ਸ਼ਹਿਰੀ ਪ੍ਰਧਾਨ ਕਾਂਗਰਸ ਪਟਿਆਲਾ, ਮਦਨ ਮੋਹਨ ਸਿੰਘ, ਮੁੂਸਾ, ਹਰਵਿੰਦਰ ਸਿੰਘ ਲਾਡੀ ਹਲਕਾ ਬਠਿੰਡਾ, ਜਗਦੇਵ ਸਿੰਘ ਸਾਬਕਾ ਵਿਧਾਇਕ, ਵਿਸ਼ਨੂੰ ਸ਼ਰਮਾ ਪਟਿਆਲਾ, ਜੱਗਾ ਮਜੀਠੀਆ, ਨਵਜੇਤ ਚੀਮਾ ਸੁਲਤਾਨਪੁਰ ਲੋਧੀ ਅਤੇ ਪੰਜਾਬ ਦੀ ਉੱਚ ਪੱਧਰੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ।

ਕੇਜਰੀਵਾਲ ਦੇ ਵਾਅਦਿਆਂ ਦੀ ਰਿਕਾਰਡਿੰਗ ਨਵਜੋਤ ਸਿੱਧੂ ਨੇ ਲਾਈਵ ਚਲਾਈ

ਧਰਨੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਰਿਕਾਰਡਿੰਗ ਲਾਈਵ ਚਲਾਕੇ ਲੋਕਾਂ ਨੂੰ ਆਪ ਦੇ ਝੂਠ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਆਖਿਆ ਕਿ ਰਿਕਾਰਡਿੰਗ ਵਿੱਚ ਕੇਜਰੀਵਾਲ ਸਾਫ ਕਹਿ ਰਿਹਾ ਹੈ ਕਿ ਸਰਕਾਰ ਬਣਦੇ ਪਹਿਲੇ 24 ਘੰਟਿਆਂ ਦੇ ਅੰਦਰ ਬਰਗਾੜੀ ਦਾ ਇਨਸਾਫ ਹੋਵੇਗਾ। ਇੱਕ ਮਹੀਨੇ ਅੰਦਰ 36 ਹਜਾਰ ਮੁਲਾਜ਼ਮ ਪੱਕ ਹੋਣਗੇ। ਇੱਕ ਹਜਾਰ ਹਰ ਮਹਿਲਾ ਨੂੰ ਪਹਿਲੇ ਮਹਿਨੇ ਤੋਂ ਮੁਫਤ ਮਿਲਣਗੇ। ਇਸ ਲਈ ਉਨ੍ਹਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਾਅਦਿਆਂ ਦੀ ਰਿਕਾਰਡਿੰਗਾਂ ਵੀ ਲੋਕਾਂ ਨੂੰ ਲਾਈਵ ਸੁਣਾਈਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਰਿਕਾਰਡਿੰਗਾਂ ਤੋਂ ਸਪੱਸ਼ਟ ਹੈ ਕਿ ਕੇਜਰੀਵਾਲ ਝੂਠ ਦੀ ਪੰਡ ਹਨ।

ਭਗਵੰਤ ਮਾਨ ਨੂੰ ਮੁੱਦਿਆਂ ‘ਤੇ ਬਹਿਸ ਕਰਨ ਦਾ ਚੈਲੰਜ

ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਕਰਨ ਦਾ ਚੈਲੰਜ ਕੀਤਾ। ਉਨ੍ਹਾਂ ਆਖਿਆ ਕਿ ਮੁੱਦਿਆਂ ‘ਤੇ ਮੇਰੇ ਨਾਲ ਸਰੇਆਮ ਖੁਲੇ ਕਿਤੇ ਵੀ ਡਿਵੇਟ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਪਤਾ ਚੱਲ ਸਕੇ ਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਝੂਠ ਬੋਲ-ਬੋਲ ਕੇ ਸਰਕਾਰ ਬਣਾਈ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਭਗਵੰਤ ਮਾਨ ਦੇ ਪੈਨ ਦੀ ਹਰੀ ਸਿਆਹੀ ਵੀ ਮੁੱਕ ਚੁੱਕੀ ਹੈ। ਅੱਜ ਰੇਤ ਦਾ ਭਾਅ ਵੀ ਅਸਮਾਨਾਂ ਨੂੰ ਛੂ ਰਿਹਾ ਹੈ। ਅਸੀਂ ਜਿਹੜੀ ਟਰਾਲੀ 1500 ਵਿੱਚ ਕਰ ਦਿੱਤੀ ਸੀ। ਉਹ ਹਜ਼ਾਰਾਂ ਰੁਪਏ ਦੀ ਹੋ ਚੁੱਕੀ ਹੈ।

ਪੱਲੇ ਫੁੱਟੀ ਕੌੜੀ ਨੀ ਨਾਮ ਕਰੌੜੀ ਮਲ

ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਭਗਵੰਤ ਮਾਨ ਦਾ ਹਾਲ ਤਾਂ ਇਹ ਹੈ ਕਿ ਪੱਲੇ ਫੁੱਟੀ ਕੌੜੀ ਨੀ ਨਾਮ ਕਰੌੜੀ ਮਲ। ਉਨ੍ਹਾਂ ਆਖਿਆ ਕਿ ਪਹਿਲਾਂ ਭਗਵੰਤ ਮਾਨ ਪੰਜਾਬ ਦੀ ਜਨਤਾ ਨੂੰ ਸੱਚ ਦੱਸੇ ਕਿ ਉਹ ਆਪਣੇ ਕਿਤੇ ਵਾਅਦਿਆਂ ਦੇ ਪੈਸੇ ਕਿੱਥੋਂ ਲੈ ਕੇ ਆਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਕੇਜਰੀਵਾਲ ਕਹਿੰਦਾ ਸੀ ਕਿ 20 ਹਜ਼ਾਰ ਕਰੋੜ ਰੇਤੇ ਵਿੱਚੋਂ ਕੱਢਾਂਗਾ। 10 ਹਜ਼ਾਰ ਕਰੋੜ ਇੱਥੋਂ ਕੱਢਾਗਾਂ। 10 ਹਜਾਰ ਕਰੋੜ ਉੱਥੋਂ ਕਢਾਂਗਾ। ਹੁਣ ਸਰਕਾਰ ਦੱਸੇ ਕਿ ਉਹ ਪੈਸਾ ਕਿੱਥੋਂ ਲਿਆਵੇਗੀ ਤੇ ਪੈਸਿਆਂ ਨਾਲ ਕਿੰਝ ਵਾਅਦੇ ਪੂਰੇ ਕਰੇਗੀ