ਚੰਡੀਗੜ੍ਹ, 12 ਸਤੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਦੀ ਡਿਜੀਟਲ ਸੈਟੇਲਾਈਟ ਮੈਪਿੰਗ (Digital Satellite Mapping) ਕਰਵਾਉਣ ਦੀ ਪਹਿਲ ਕੀਤੀ ਗਈ ਹੈ। ਇਸ ਮੈਪਿੰਗ ‘ਚ ਪਿੰਡਾਂ ਦੀਆਂ ਗਲੀਆਂ, ਛੱਪੜ, ਪਿੰਡ ਦੀ ਫਿਰਨੀ, ਮੰਦਰ, ਗੁਰਦੁਆਰੇ, ਸਕੂਲ, ਕਮਿਊਨਿਟੀ ਸੈਂਟਰ ਅਤੇ ਹਸਪਤਾਲ ਸ਼ਾਮਲ ਕੀਤੇ ਗਏ ਹਨ।
ਇਹ ਕੰਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੀਤਾ ਜਾਵੇਗਾ | ਇਸ ਕੰਮ ਦੇ ਨੇਪਰੇ ਚੜ੍ਹਨ ਨਾਲ ਪਿੰਡ ‘ਚ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸੰਬੰਧਿਤ ਵਿਭਾਗਾਂ ਨੂੰ ਵਾਰ-ਵਾਰ ਪਿੰਡ ਦੇ ਚੱਕਰ ਨਹੀਂ ਲਾਉਣੇ ਪੈਣਗੇ | ਇਸ ਨਾਲ ਸੰਬੰਧਿਤ ਵਿਭਾਗਾਂ ਨੂੰ ਵੀ ਸਰਕਾਰੀ ਥਾਵਾਂ ਦੀ ਅਸਲ ਸਥਿਤੀ ਪਤਾ ਲੱਗੇਗਾ । ਇਸਦੇ ਨਾਲ ਵਾਰ-ਵਾਰ ਕੀਤੀ ਜਾਣ ਵਾਲੀ ਨਿਸ਼ਾਨਦੇਹੀ ਦੇ ਕੰਮ ਤੋਂ ਛੁਟਕਾਰਾ ਮਿਲੇਗਾ ਅਤੇ ਅਧਿਕਾਰੀਆਂ ਅਤੇ ਪੰਚਾਇਤਾਂ ਦ ਸਮੇਂ ਦੀ ਬੱਚਤ ਹੋਵੇਗੀ |
ਇਸ ਤੋਂ ਇਲਾਵਾ ਗੰਦੇ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਲਈ ਨਕਸ਼ੇ ਤਿਆਰ ਕਰਨ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਵਿਛਾਉਣ ਵਿਚ ਵੀ ਮਦਦ ਮਿਲੇਗੀ ਕਿਉਂਕਿ ਇਸ ਨਾਲ ਪਿੰਡ ਦੇ ਡਿਜ਼ੀਟਲ ਪੱਧਰ ਅਤੇ ਗਲੀਆਂ ਦੀ ਲੰਬਾਈ ਨੂੰ ਸਹੀ ਢੰਗ ਨਾਲ ਜਾਣਨ ਵਿਚ ਮਦਦ ਮਿਲੇਗੀ |
ਇਸ ਡਿਜ਼ੀਟਲ ਸੈਟੇਲਾਈਟ ਮੈਪਿੰਗ (Digital Satellite Mapping) ਰਾਹੀਂ ਪਿੰਡ ‘ਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਅਨੁਮਾਨਿਤ ਖਰਚੇ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਹਰੇਕ ਘਰ ਅਤੇ ਗਲੀ ਦੇ ਨੰਬਰ ਅਤੇ ਮਾਲਕ ਦੀ ਜਾਣਕਾਰੀ ਵੀ ਮਿਲ ਸਕੇਗੀ। ਇਹ ਡੇਟਾ ਜੀਵਨ ਲਈ ਤਿਆਰ ਹੋਵੇਗਾ ਅਤੇ ਲੋੜ ਪੈਣ ‘ਤੇ ਅਪਡੇਟ ਕੀਤਾ ਜਾ ਸਕਦਾ ਹੈ।