Site icon TheUnmute.com

ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ ‘ਤੇ ਹੋਵੇਗੀ ਪਾਬੰਦੀ

school

ਐਸ.ਏ.ਐਸ. ਨਗਰ, 23 ਦਸੰਬਰ: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ (Air Force Station) ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਸੁੱਟਣ ‘ਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਏਅਰ ਫੋਰਸ਼ ਸਟੇਸ਼ਨ ਦੇ ਆਲੇ ਦੁਆਲੇ ਆਮ ਜਨਤਾ ਵਲੋਂ ਕਈ ਖਾਣ-ਪੀਣ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ, ਉਨ੍ਹਾਂ ਵਲੋਂ ਇਨ੍ਹਾਂ ਵਸਤਾਂ ਦੀ ਰਹਿੰਦ ਖੁੱਲੇ ਵਿਚ ਹੀ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਏਅਰ ਫੋਰਸ ਦੇ ਏਰੀਏ ਵਿਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ।

ਇਨ੍ਹਾਂ ਦੇ ਉਡਣ ਨਾਲ ਕਿਸੇ ਵੀ ਸਮੇਂ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖਤਰੇ ਦਾ ਕਾਰਨ ਬਣਦਾ ਹੈ ਅਤੇ ਫੌਜ਼ (Air Force Station) ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵੀ ਵਿਘਨ ਪੈਦਾ ਕਰਦਾ ਹੈ। ਇਸ ਦੇ ਫਲਸਰੂਪ ਅਮਨ ਅਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ ਮਿਤੀ 11-12-2023 ਤੋਂ 10-02-2024 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਾਗੂ ਰਹਿਣਗੇ।

Exit mobile version