ਚੰਡੀਗੜ੍ਹ, 25 ਅਪ੍ਰੈਲ 2024: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ‘ਚ ਚੋਣ ਰੈਲੀ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਆਪਣੇ ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਜਦੋਂ ਮੁੱਖ ਮੰਤਰੀ ਹਨੂੰਮਾਨ ਚੌਕ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਈਸਾਈ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚ ਗਿਆ।
ਅਚਾਨਕ ਇੱਕ ਵਿਅਕਤੀ ਨੂੰ ਲੋਕਾਂ ਵਿੱਚੋਂ ਨਿਕਲ ਕੇ ਮੁੱਖ ਮੰਤਰੀ (CM Bhagwant Mann) ਤੱਕ ਪਹੁੰਚਦਾ ਦੇਖ ਕੇ ਸੁਰੱਖਿਆ ਮੁਲਾਜ਼ਮ ਚੌਕਸ ਹੋ ਗਏ। ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਕਤ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਪਤਾ ਲੱਗਾ ਹੈ ਕਿ ਈਸਾਈ ਭਾਈਚਾਰੇ ਦਾ ਇਹ ਵਿਅਕਤੀ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਇਆ ਸੀ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਤੋਂ ਮੰਗ ਪੱਤਰ ਲਿਆ। ਉਕਤ ਵਿਅਕਤੀ ਮੁੱਖ ਮੰਤਰੀ ਅੱਗੇ ਆਪਣੇ ਭਾਈਚਾਰੇ ਨਾਲ ਸਬੰਧਤ ਕੁਝ ਮੰਗਾਂ ਉਠਾਉਣਾ ਚਾਹੁੰਦਾ ਸੀ।
ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਉਨ੍ਹਾਂ ਦਾ ਕੇਹਨ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਉਹੀ ਗਲਤੀ ਨਹੀਂ ਕਰਨੀ ਚਾਹੀਦੀ ਜੋ ਉਨ੍ਹਾਂ ਨੇ ਸੰਨੀ ਦਿਓਲ ਨੂੰ ਜਿਤਾ ਕੇ ਪਹਿਲਾਂ ਕੀਤੀ ਸੀ। ਇਸ ਵਾਰ ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਉਹ 13 ਸੀਟਾਂ ਜਿੱਤਦੀ ਹੈ ਤਾਂ ਪੰਜਾਬ ਵਿੱਚ ਵਿਕਾਸ ਦੀ ਹਨ੍ਹੇਰੀ ਆਵੇਗੀ।