Site icon TheUnmute.com

ਦੁਬਈ ‘ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ, 35 ਅਰਬ ਡਾਲਰ ਆਵੇਗਾ ਖਰਚ

Dubai

ਚੰਡੀਗੜ੍ਹ, 29 ਅਪ੍ਰੈਲ 2024: ਦੁਬਈ (Dubai), ਯੂਏਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਜਾ ਰਿਹਾ ਹੈ। ਇਸ ਦਾ ਨਾਮ ਅਲ ਮਖਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਅਲ ਜਜ਼ੀਰਾ ਮੁਤਾਬਕ ਇਸ ਨੂੰ ਬਣਾਉਣ ‘ਤੇ 35 ਅਰਬ ਡਾਲਰ ਯਾਨੀ ਕਰੀਬ 2.92 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ। ਯੂਏਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਖੁਦ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਨਵਾਂ ਹਵਾਈ ਅੱਡਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ। ਹਰ ਸਾਲ 26 ਕਰੋੜ ਯਾਤਰੀ ਇੱਥੋਂ ਯਾਤਰਾ ਕਰਨਗੇ। ਇਹ ਪ੍ਰੋਜੈਕਟ ਦੁਬਈ ਦੇ ਅਲ ਮਖਤੂਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਵੇਗਾ। ਇੱਥੇ 5 ਸਮਾਨਾਂਤਰ ਰਨਵੇ ਹੋਣਗੇ, ਯਾਨੀ ਕਿ 5 ਜਹਾਜ਼ ਇੱਕੋ ਸਮੇਂ ਇੱਥੋਂ ਟੇਕ ਆਫ ਜਾਂ ਲੈਂਡ ਕਰ ਸਕਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ‘ਤੇ 400 ਟਰਮੀਨਲ ਗੇਟ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਹਵਾਈ ਅੱਡੇ (Dubai) ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਹਵਾਈ ਅੱਡੇ ਦਾ ਕੁੱਲ ਖੇਤਰਫਲ 70 ਵਰਗ ਕਿਲੋਮੀਟਰ ਹੋਵੇਗਾ। ਅਗਲੇ 10 ਸਾਲਾਂ ਵਿੱਚ ਇਸ ਨੂੰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਨੂੰ ਨਵੇਂ ਅਲ ਮਖਤੂਮ ਹਵਾਈ ਅੱਡੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਇਸ ਪ੍ਰੋਜੈਕਟ ਦੇ ਤਹਿਤ ਦੁਬਈ ਸਾਊਥ ਵਿੱਚ ਏਅਰਪੋਰਟ ਦੇ ਆਲੇ-ਦੁਆਲੇ ਇੱਕ ਪੂਰਾ ਸ਼ਹਿਰ ਬਣਾਇਆ ਜਾਵੇਗਾ। ਇਸ ਨਾਲ 10 ਲੱਖ ਲੋਕਾਂ ਲਈ ਹਾਊਸਿੰਗ ਪ੍ਰਾਜੈਕਟ ਦਾ ਕੰਮ ਵੀ ਪੂਰਾ ਹੋ ਜਾਵੇਗਾ। ਦੁਬਈ ਹਵਾਈ ਅੱਡਾ ਇਸ ਸਮੇਂ ਦੁਨੀਆ ਦਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਸਾਲ 2022 ਵਿੱਚ ਇਸ ਹਵਾਈ ਅੱਡੇ ਤੋਂ ਕਰੀਬ 6.6 ਕਰੋੜ ਯਾਤਰੀ ਲੰਘੇ ਸਨ।

Exit mobile version