Site icon TheUnmute.com

ਵਿਸ਼ਵ ਬੈਂਕ ਦਾ ਅਨੁਮਾਨ, ਹੜ੍ਹਾਂ ਕਾਰਨ ਦੱਖਣੀ ਏਸ਼ੀਆਈ ਦੇਸ਼ਾਂ ‘ਚ 40 ਅਰਬ ਡਾਲਰ ਦਾ ਨੁਕਸਾਨ

World Bank

ਚੰਡੀਗੜ੍ਹ 19 ਅਕਤੂਬਰ 2022: ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਬੈਂਕ (World Bank) ਨੇ ਇਸ ਗਰਮੀਆਂ ‘ਚ ਭਿਆਨਕ ਹੜ੍ਹਾਂ ਕਾਰਨ ਦੱਖਣੀ ਏਸ਼ੀਆਈ ਦੇਸ਼ਾਂ ‘ਚ 40 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਇਹ ਅੰਕੜਾ ਪਾਕਿਸਤਾਨੀ ਸਰਕਾਰ ਦੇ ਪਹਿਲੇ ਅਨੁਮਾਨ ਤੋਂ 10 ਬਿਲੀਅਨ ਡਾਲਰ ਵੱਧ ਹੈ।

ਪਾਕਿਸਤਾਨ ਇਸ ਸਮੇਂ ਨਕਦੀ ਦੀ ਕਿੱਲਤ ਕਾਰਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੂਨ ਦੇ ਅੱਧ ਵਿੱਚ ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆਏ ਅਤੇ ਇੱਕ ਸਮੇਂ ਪਾਕਿਸਤਾਨ ਦਾ ਤੀਜਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਸੀ। ਵਿਸ਼ਵ ਬੈਂਕ ਦਾ ਤਾਜ਼ਾ ਮੁਲਾਂਕਣ ਰਾਜਧਾਨੀ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਜਲਵਾਯੂ ਪਰਿਵਰਤਨ ਮਾਹਿਰਾਂ ਵਿਚਾਲੇ ਹੋਈ ਮੀਟਿੰਗ ਦੌਰਾਨ ਆਇਆ। ਨਵੇਂ ਅਨੁਮਾਨ ‘ਤੇ ਵਿਸ਼ਵ ਬੈਂਕ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ।

ਮਾਹਿਰਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਮੱਧ ਜੂਨ ਤੋਂ ਹੁਣ ਤੱਕ 1,719 ਲੋਕ ਮਾਰੇ ਗਏ ਹਨ ਅਤੇ 3.3 ਕਰੋੜ ਪ੍ਰਭਾਵਿਤ ਹੋਏ ਹਨ। ਪਾਣੀ ਨੇ 20 ਲੱਖ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਵਹਿ ਗਏ ਹਨ |ਪਾਕਿਸਤਾਨ ਸਰਕਾਰ ਨੇ ਪਿਛਲੇ ਮਹੀਨੇ ਹੜ੍ਹ ਨਾਲ 30 ਬਿਲੀਅਨ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਸੀ, ਪਰ ਕਿਹਾ ਕਿ ਇਹ ਅੰਕੜਾ ਵੱਧ ਹੋ ਸਕਦਾ ਹੈ।

ਵਿਸ਼ਵ ਬੈਂਕ ਸਮੇਤ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਅਤੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੀ ਮਦਦ ਨਾਲ ਨੁਕਸਾਨ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ।ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੀ ਅਪੀਲ 16 ਕਰੋੜ ਡਾਲਰ ਤੋਂ ਵਧਾ ਕੇ 81.6 ਕਰੋੜ ਡਾਲਰ ਕਰ ਦਿੱਤੀ ਹੈ।

Exit mobile version