Site icon TheUnmute.com

26 ਲੱਖ ਦੀ ਲਾਗਤ ਨਾਲ ਬਣਨ ਵਾਲੇ ਟਿਊਬਵੈੱਲ ਦਾ ਕੰਮ 15 ਦਿਨਾਂ ‘ਚ ਪੂਰਾ ਹੋਵੇਗਾ: ਬ੍ਰਮ ਸ਼ੰਕਰ ਜ਼ਿੰਪਾ

ਟਿਊਬਵੈੱਲ

ਹੁਸ਼ਿਆਰਪੁਰ 14 ਜਨਵਰੀ 2023: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣਾ ਹੈ, ਜਿਸ ਲਈ ਲਗਾਤਾਰ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ, ਅਜਿਹੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਸਮੇਂ ਦੀ ਲੋੜ ਹੈ। ਉਹ ਵਾਰਡ ਨੰਬਰ 23 ਦੇ ਮੁਹੱਲਾ ਟਿੱਬਾ ਸਾਹਿਬ ਵਿਖੇ 26 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਟਿਊਬਵੈੱਲ ਦੇ ਕੰਮ ਸ਼ੁਰੂ ਕਰਵਾਉਣ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਦੀ ਉਸਾਰੀ ਦਾ ਕੰਮ 15 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਸਥਾਨਕ ਕੌਂਸਲਰ ਮਨਮੀਤ ਕੌਰ ਵੀ ਹਾਜ਼ਰ ਸਨ।

ਲੋਕਾਂ ਨੂੰ ਮਕਰ ਸੰਕ੍ਰਾਂਤੀ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇੱਥੇ ਪਹਿਲਾਂ ਟਿਊਬਵੈੱਲ ਦਾ ਬੋਰ 400 ਫੁੱਟ ‘ਤੇ ਸੀ, ਹੁਣ ਨਵਾਂ ਬੋਰ 800 ਫੁੱਟ ‘ਤੇ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਇਹ ਟਿਊਬਵੈੱਲ ਲਗਾਇਆ ਜਾ ਰਿਹਾ ਹੈ, ਜਿਸ ਦਾ ਫਾਇਦਾ ਇਹ ਹੈ ਕਿ ਬੋਰ ਦੀ ਡੂੰਘਾਈ ਦੇ ਨਾਲ-ਨਾਲ ਪਾਣੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਵਿੱਚ ਜਲ ਸਪਲਾਈ ਵਿਭਾਗ ਕੋਲ ਪਾਣੀ ਦੀ ਪਰਖ ਕਰਨ ਲਈ ਵਧੀਆ ਲੈਬ ਹੈ।

ਬ੍ਰਮ ਸ਼ੰਕਰ ਜ਼ਿੰਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਹੁਸ਼ਿਆਰਪੁਰ ਨੂੰ ਜਲ ਸਪਲਾਈ ਅਤੇ ਸਿੰਚਾਈ ਦੇ ਟਿਊਬਵੈੱਲ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦੀ ਮੰਗ ਅਨੁਸਾਰ ਪੀਣ ਵਾਲੇ ਪਾਣੀ ਤੋਂ ਇਲਾਵਾ ਸਿੰਚਾਈ ਲਈ ਟਿਊਬਵੈੱਲ ਵੀ ਲਗਾਏ ਗਏ ਹਨ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ, ਸੰਤ ਬਾਬਾ ਕਰਮਜੀਤ ਸਿੰਘ, ਕੌਂਸਲਰ ਬਲਵਿੰਦਰ ਬਿੰਦੀ, ਹਰਵਿੰਦਰ ਸਿੰਘ, ਸਤਵੰਤ ਸਿੰਘ ਸਿਆਣ, ਚੰਦਨ ਲੱਕੀ, ਸੁਮੇਸ਼ ਸੋਨੀ, ਹਰਭਗਤ ਸਿੰਘ ਤੁਲੀ, ਗੁਰਭਗਤ ਸਿੰਘ ਤੁਲੀ, ਅਮਰਜੀਤ ਸਿੰਘ, ਰਮੇਸ਼ ਸ਼ਰਮਾ, ਐਕਸੀਅਨ ਵਾਟਰ ਸਪਲਾਈ ਸਿਮਰਨਜੀਤ ਸਿੰਘ, ਐਸ.ਡੀ.ਓ. ਸੁਖਵਿੰਦਰ ਸਿੰਘ, ਜੇ.ਈ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ

Exit mobile version