ਚੰਡੀਗੜ੍ਹ,16 ਨਵੰਬਰ 2024: ਫਤਿਹਗੜ੍ਹ ਸਾਹਿਬ ਪੁਲਿਸ (Fatehgarh Sahib Police) ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਿਆ ਹੈ | 13 ਨਵੰਬਰ ਨੂੰ ਪਿੰਡ ਆਲਮਪੁਰ ਦੇ ਸੂਏ ਕੋਲ ਪਿੰਡ ਹੁਸੈਨਪੁਰ ਦੇ ਸੁਖਦੇਵ ਸਿੰਘ ਦੀ ਲਾਸ਼ ਮਿਲੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ |
ਬਸੀ ਪਠਾਣਾ ਦੀ ਪੁਲਿਸ ਨੇ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਸਮੇਤ ਪਿੰਡ ਭੋਜੇਮਾਜਰਾ ਦੇ ਵਾਸੀ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਬੱਸੀ ਪਠਾਣਾ ਰਾਜਕੁਮਾਰ ਨੇ ਦੱਸਿਆ ਕਿ 13 ਨਵੰਬਰ ਨੂੰ ਸੁਖਦੇਵ ਸਿੰਘ ਦੀ ਲਾਸ਼ ਮਿਲਣ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਕਿ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਦੇ ਗੁਰਪ੍ਰੀਤ ਸਿੰਘ ਵਾਸੀ ਭੋਜੇਮਾਜਰਾ (ਚਮਕੌਰ ਸਾਹਿਬ) ਨਾਲ ਨਜਾਇਜ਼ ਸਬੰਧ ਸਨ। ਸੁਖਦੇਵ ਸਿੰਘ ਉਨ੍ਹਾਂ ਨੂੰ ਰੋਕਦਾ ਸੀ। ਉਨ੍ਹਾਂ ਦੱਸਿਆ ਕਿ 13 ਨਵੰਬਰ ਦੀ ਰਾਤ ਕਰੀਬ 1 ਵਜੇ ਗੁਰਪ੍ਰੀਤ ਸਿੰਘ ਆਪਣੇ ਭਰਾ ਹਰਜਸਪ੍ਰੀਤ ਸਿੰਘ ਨਾਲ ਸੁਖਦੇਵ ਸਿੰਘ ਦੇ ਘਰ ਆਇਆ। ਉਥੇ ਕੁਲਦੀਪ ਕੌਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਗਲਾ ਘੁੱਟਿਆ ਅਤੇ ਬੇਸਬਾਲ ਨਾਲ ਸਿਰ ‘ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।
ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੇ ਸੁਖਦੇਵ ਸਿੰਘ ਦੇ ਮੋਟਰ ਸਾਈਕਲ ਵਿਚਕਾਰ ਸੁਖਦੇਵ ਸਿੰਘ ਦੀ ਲਾਸ਼ ਨੂੰ ਲੱਦ ਕੇ ਪਿੰਡ ਆਲਮਪੁਰ ਦੇ ਸੂਏ ਦੇ ਪੁਲ ਕੋਲ ਸੁੱਟ ਦਿੱਤਾ। ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।