ਚੰਡੀਗੜ੍ਹ 11 ਨਵੰਬਰ 2022: ਸੰਸਦ ਦੇ ਸਰਦ ਰੁੱਤ ਇਜਲਾਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਆ ਰਿਹਾ ਹੈ। ਸੂਤਰਾਂ ਮੁਤਾਬਕ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 29 ਦਸੰਬਰ ਤੱਕ ਚੱਲ ਸਕਦੀ ਹੈ।
ਜਾਣਕਾਰੀ ਮੁਤਾਬਕ ਸੰਸਦ ਦਾ ਸਰਦ ਰੁੱਤ ਇਜਲਾਸ ਪੁਰਾਣੀ ਇਮਾਰਤ ‘ਚ ਸ਼ੁਰੂ ਹੋਵੇਗਾ। ਤਾਰੀਖ਼ ਬਾਰੇ ਅੰਤਿਮ ਫੈਸਲਾ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਲਿਆ ਜਾਵੇਗਾ। ਸੈਸ਼ਨ ਪੁਰਾਣੀ ਇਮਾਰਤ ਵਿੱਚ ਹੋਣ ਦੀ ਸੰਭਾਵਨਾ ਹੈ। ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਨਵੀਂ ਇਮਾਰਤ ਦਾ ਪ੍ਰਤੀਕਾਤਮਕ ਉਦਘਾਟਨ ਇਸ ਮਹੀਨੇ ਦੇ ਅੰਤ ਜਾਂ ਦਸੰਬਰ ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੈ।
ਸਰਦ ਰੁੱਤ ਸੈਸ਼ਨ ਆਮ ਤੌਰ ‘ਤੇ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੁੰਦਾ ਹੈ। ਸੈਸ਼ਨ ਦੌਰਾਨ ਲਗਭਗ 20 ਬੈਠਕਾਂ ਹੁੰਦੀਆਂ ਹਨ। ਹਾਲਾਂਕਿ, 2017 ਅਤੇ 2018 ਵਿੱਚ ਸੈਸ਼ਨ ਦਸੰਬਰ ਵਿੱਚ ਹੋਇਆ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਸੈਸ਼ਨ ਦਸੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।