ਚੰਡੀਗੜ੍ਹ 26 ਨਵੰਬਰ 2022: ਸ਼ਾਇਦ ਹੀ ਅਜਿਹਾ ਕਿਸੇ ਨੇ ਸੋਚਿਆ ਹੋਵੇਗਾ ਕਿ ਸੱਤ ਜਨਮਾਂ ਤੱਕ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਜੀਵਨ ਸਾਥੀ ਮੌਤ ਦਾ ਕਾਰਨ ਬਣ ਜਾਵੇਗਾ | ਅਜਿਹਾ ਹੀ ਇੱਕ ਮਾਮਲਾ ਸੁਨਾਮ ਦੇ ਪਿੰਡ ਬਖਸ਼ੀਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਆਪਣੇ ਘਰਵਾਲੇ ਦਾ ਕਤਲ ਕਰਕੇ ਉਸਦੀ ਲਾਸ਼ ਘਰ ਦੇ ਕੱਚੇ ਫਲੱਸ਼ ਟੈਂਕ ਵਿੱਚ ਦੱਬ ਦਿੱਤੀ |
ਘਰਵਾਲੇ ਦੇ ਗਾਇਬ ਹੋਣ ਦੀ ਇੱਕ ਮਹੀਨਾ ਪਹਿਲਾ ਰਿਪੋਰਟ ਦਰਜ ਕਰਵਾਈ ਗਈ ਸੀ, ਇਕ ਮਹੀਨੇ ਤੱਕ ਪੁਲਿਸ ਉਸਦੀ ਭਾਲ ਕਰਦੀ ਰਹੀ ਪਰ ਘਟਨਾ ਦਾ ਪੂਰਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਔਰਤ ਨੇ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸਨੇ ਹੀ ਆਪਣੇ ਘਰਵਾਲੇ ਦਾ ਕਤਲ ਕਰ ਕੇ ਲਾਸ਼ ਨੂੰ ਕੱਚੇ ਫਲੱਸ਼ ਟੈਂਕ ਵਿੱਚ ਦਫਨਾ ਦਿੱਤੀ। ਪਤਨੀ ਦਾ ਇਹ ਇਕਬਾਲ ਸੁਣ ਕੇ ਸਾਰੇ ਪਿੰਡ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਜਿਸ ਤੋਂ ਬਾਅਦ ਅੱਜ ਜਦੋਂ ਪੁਲਿਸ ਨੇ ਲਾਸ਼ ਕੱਢੀ ਤਾਂ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਪਿੰਡ ਵਾਲਿਆਂ ਨੇ ਔਰਤ ਦੇ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਅਜੇ ਕਤਲ ਕਿਉਂ ਕੀਤਾ ਗਿਆ ਹੈ ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ |