July 7, 2024 11:58 pm
Sanitation Contract Workers Union

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜੀ

ਸ੍ਰੀ ਮੁਕਤਸਰ ਸਾਹਿਬ 28 ਸਤੰਬਰ 2022: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (Sanitation Contract Workers Union) ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਅੱਜ ਇਥੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਰਕਰਾਂ ਵਲੋਂ ਸਬ-ਡਿਵੀਜ਼ਨ ਪੱਧਰੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ ਵਰਕਰਾਂ ਦੇ ਪਿਛਲੇ 10-15 ਸਾਲਾਂ ਦੇ ਤਜਰਬੇ ਨੂੰ ਖਤਮ ਕਰਨ ਵਾਲੀ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਮਿਤੀ 16 ਸਤੰਬਰ 2022 ਨੂੰ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਜਾਰੀ ਕੀਤੀ ਵਰਕਰ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਫੂਕੀਆਂ ਗਈਆਂ ਹਨ |

ਇਸਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਇਸ ਕਮੇਟੀ ਦੀ ਪੇਸ਼ ਕੀਤੀ ਰਿਪੋਰਟ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਮੁੱਢਲੀ ਸਹੂਲਤਾਂ ਮੁਹੱਈਆਂ ਕਰਵਾ ਰਹੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ/ਆਊਟਸੋਰਸ ਵਰਕਰ ਜੋ ਕਿ ਪਿਛਲੇ ਲੰਮੇ ਅਰਸ਼ੇ ਤੋਂ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਹਨ, ਇਹ ਵਰਕਰ ਆਪਣੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਦੀਆਂ ਕਾਰਪੋਰੇਟੀ ਪੱਖੀ ਨੀਤੀਆਂ ਕਾਰਨ ਜਿੱਥੇ ਨਹਿਰੀ ਪਾਣੀ ਦੀ ਸਪਲਾਈ ਲਈ ਵੱਡੇ ਵੱਡੇ ਮੈਗਾ ਪ੍ਰੋਜੈਕਟ ਸਥਾਪਿਤ ਕਰਕੇ ਵਿਭਾਗ ਦਾ ਨਿੱਜੀਕਰਨ/ਪੰਚਾਇਤੀਕਰਨ ਕੀਤਾ ਜਾ ਰਿਹਾ ਹੈ |

ਉਥੇ ਹੀ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਬੇਰੁਜਗਾਰ ਕਰਨ ਲਈ ਕੋਝੀਆਂ ਅਤੇ ਵਰਕਰ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹੀ ਅਧਿਕਾਰੀਆਂ ਦੀ ਕਮੇਟੀ ਵਲੋਂ ਮਿਤੀ 16 ਸਤੰਬਰ 2022 ਦੀ ਮੀਟਿੰਗ ’ਚ ਪੇਸ਼ ਕੀਤੇ ਏਜੰਡੇ ਤਹਿਤ ਪੱਤਰ ਜਾਰੀ ਕਰਕੇ ਇੰਨਲਿਸਟਮੈਂਟ ਵਰਕਰਾਂ ਦੀਆਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਬਹਾਨੇ ਨਾਲ ਵਰਕਰਾਂ ਦੇ ਪਿਛਲੇ ਤਜਰਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਸਾਨੂੰ ਮਨਜ਼ੂਰ ਨਹੀਂ ਹੈ, ਜਿਸਨੂੰ ਤੁਰੰਤ ਰੱਦ ਕੀਤਾ ਜਾਵੇ।

29 ਅਤੇ 30 ਸਤੰਬਰ ਨੂੰ ਦਿਨ-ਰਾਤ ਦੇ ਧਰਨੇ ਐਕਸੀਅਸਨ ਦਫਤਰਾਂ ਅੱਗੇ ਡਿਵੀਜ਼ਨ ਪੱਧਰੀ ਧਰਨੇ ਪਰਿਵਾਰਾਂ ਸਮੇਤ ਦਿੱਤੇ ਜਾਣਗੇ। ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰ ਮਨੈਜਮੇਂਟ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਹੋਵੇਗੀ।