Site icon TheUnmute.com

ਪੰਜਾਬ ਦੀ ਆਵਾਜ਼ 100 ਚੋਰ ਨਹੀਂ, ਤਿੰਨ ਕਰੋੜ ਪੰਜਾਬੀ ਹਨ: ਨਵਜੋਤ ਸਿੰਘ ਸਿੱਧੂ

Navjot Singh Sidhu

ਅੰਮ੍ਰਿਤਸਰ, 08 ਜਨਵਰੀ 2024: ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ | ਉੱਥੇ ਹੀ ਉਨ੍ਹਾਂ ਨਾਲ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ।

ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ | ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹੁਣ ਖੋਖਲਾ ਹੁੰਦਾ ਜਾ ਰਿਹਾ ਹੈ | ਕੁਝ ਲੀਡਰ ਆਪਣੇ ਘਰ ਭਰਨ ‘ਤੇ ਲੱਗੇ ਹੋਏ ਹਨ ਅਤੇ ਸਾਨੂੰ ਪੰਜਾਬ ਦੀ ਲੜਾਈ ਲੜਨੀ ਚਾਹੀਦੀ ਹੈ |

ਉਹਨਾਂ (Navjot Singh Sidhu) ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ‘ਤੇ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ | ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲੇ ਹਾਂ ਅਤੇ ਅਸੀਂ 100 ਚੋਰਾਂ ਦੇ ਨਾਲ ਖੜ੍ਹਨ ਦੀ ਬਜਾਏ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਖੜ੍ਹਨਾ ਹੈ, ਜਿਨ੍ਹਾਂ ਵਿਚ ਐਨ.ਆਰ.ਆਈ ਵੀ ਸ਼ਾਮਲ ਹਨ, ਜੋ ਪੰਜਾਬ ਦੀ ਆਵਾਜ਼ ਹਨ । ਪੰਜਾਬ ‘ਚ ਲੋਕ ਰਾਜ ਸਥਾਪਿਤ ਨਹੀਂ ਹੋਇਆ | ਓਹਨਾ ਕਿਹਾ ਕਿ ਅੱਜ ਤੱਕ ਪੰਜਾਬ ‘ਚ ਚਾਰ-ਪੰਜਾਬ ਮੁੱਖ ਮੰਤਰੀਆਂ ਦਾ ਰਾਜ ਰਿਹਾ , ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲ ਦਿੱਤਾ | ਸਰਬਤ ਕਾ ਭਲਾ ਪਹਿਲੀ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ |

ਉਹਨਾਂ ਕਿਹਾ ਕਿ ਕਈ ਪਾਰਟੀਆਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਧੇ ਹਨ | ਮੇਰਾ ਕੋਈ ਧੜ੍ਹਾ ਨਹੀਂ ਹੈ ਅਤੇ ਮੈਂ ਸਿਰਫ ਪੰਜਾਬੀਆਂ ਦੀ ਲੜਾਈ ਲੜ ਰਿਹਾ ਹਾਂ ਅਤੇ ਪੰਜਾਬੀਆਂ ਦੀ ਲੜਾਈ ਲੜਦਾ ਰਹਾਂਗਾ । ਉਨ੍ਹਾਂ ਕਿਹਾ ਕਿ ਕੋਈ ਧੜ੍ਹਾ ਬਣਾ ਕੇ 10 ਹਜ਼ਾਰ ਬੰਦਾ ਇਕੱਠਾ ਕਰਕੇ ਅਖਾੜਾ ਲਗਾਉਂਦਾ ਹੈ ਤਾਂ ਪੰਜਾਬ ਦੀ ਗੱਲ ਕਰੇ, ਲੋਕ ਭਲਾਈ ਦੀ ਗੱਲ ਕਰੇ, ਮੈਂ ਉਸਦਾ ਸਵਾਗਤ ਕਰਦਾ ਹਨ, ਪਰ ਕੁਝ ਆਪਣੇ ਨਿੱਜੀ ਫਾਇਦੇ ਲਈ ਇਕੱਠ ਕਰ ਰਹੇ ਹਨ |

ਆਖਿਰ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਬਿਮਾਰ ਹੈ, ਇਸ ਲਈ ਉਹ ਪਟਿਆਲੇ ਵਿੱਚ ਰਹਿ ਰਹੇ ਹਨ ਅਤੇ ਉਹ ਅੰਮ੍ਰਿਤਸਰ ਨੂੰ ਆਪਣੀ ਕਰਮਭੂਮੀ ਮੰਨਦੇ ਹਨ ਤੇ ਮੰਨਦੇ ਰਹਿਣਗੇ ਤੇ ਅੰਮ੍ਰਿਤਸਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਣਗੇ |

 

Exit mobile version