ਚੰਡੀਗੜ੍ਹ 19 ਅਗਸਤ 2022: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰਾਂ ਦੇ ਮਾਮਲੇ ਵਿੱਚ 2008 ਬੈਚ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ (IAS Officer Sanjay Popli) ਖ਼ਿਲਾਫ ਬੀਤੇ ਕੱਲ੍ਹ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ | ਵਿਜੀਲੈਂਸ ਵੱਲੋਂ ਦਾਇਰ ਇਸ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੰਜੇ ਨੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਇਆ।
ਦੱਸਿਆ ਜਾ ਰਿਹਾ ਹੈ ਕਿ ਚਾਰਜਸ਼ੀਟ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 (ਲੋਕ ਸੇਵਕ ਦੁਆਰਾ ਭ੍ਰਿਸ਼ਟਾਚਾਰ ਸਵੀਕਾਰ ਕਰਨਾ) ਅਤੇ 7-ਏ (ਜਨਤਕ ਅਹੁਦੇ ‘ਤੇ ਹੋਣ ਦੀ ਉਮੀਦ ਦਿਖਾ ਕੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰਨਾ) ਦੇ ਤਹਿਤ ਦਾਇਰ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਪੋਪਲੀ ਖਿਲਾਫ 20 ਪੰਨਿਆਂ ਦੇ ਚਾਰਜਸ਼ੀਟ ਦਾਖਲ ਕੀਤੀ ਹੈ |
ਜਿਕਰਯੋਗ ਹੈ ਕਿ ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ ਸੰਜੇ ਪੋਪਲੀ ਖ਼ਿਲਾਫ਼ ਨਵਾਂ ਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਵੇਲੇ ਠੇਕੇਦਾਰ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਠੇਕੇਦਾਰ ਨੇ ਰਿਕਾਰਡਿੰਗ ਸਮੇਤ ਦਾਇਰ ਕੀਤੀ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਉਸ ਤੋਂ 1 ਫੀਸਦੀ ਕਮਿਸ਼ਨ ਮੰਗਿਆ ਗਿਆ ਸੀ। ਵਿਜੀਲੈਂਸ ਮੁਤਾਬਕ ਇਹ ਮਾਮਲਾ ਕਾਂਗਰਸ ਦੇ ਤੱਤਕਾਲੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਦਾ ਹੈ, ਉਸ ਸਮੇਂ IAS ਸੰਜੇ ਪੋਪਲੀ ਪੰਜਾਬ ਸੀਵਰੇਜ ਬੋਰਡ ਦੇ ਸੀਈਓ ਸਨ । ਇਹ ਕਾਰਵਾਈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਐਂਟੀ-ਕੁਰੱਪਸ਼ਨ ਹੈਲਪ ਲਾਈਨ ’ਤੇ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।