Site icon TheUnmute.com

ਵਿਜੀਲੈਂਸ ਬਿਊਰੋ ਨੇ ਆਪਣੇ ਹੀ ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Vigilance Bureau

ਚੰਡੀਗੜ੍ਹ 01 ਨਵੰਬਰ 2022: ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਿਊਰੋ ਦੇ ਰੇਂਜ ਦਫਤਰ ਅੰਮਿ੍ਰਤਸਰ ਵਿਖੇ ਤਾਇਨਾਤ ਆਪਣੇ ਹੀ ਇੱਕ ਇੰਸਪੈਕਟਰ ਅਮੋਲਕ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਿਜੀਲੈਂਸ ਇੰਸਪੈਕਟਰ ਨੂੰ ਪ੍ਰਭਮੇਸ਼ ਮੋਹਨ ਵਾਸੀ ਨਿਊ ਮਹਿੰਦਰਾ ਕਲੋਨੀ, ਅੰਮਿ੍ਰਤਸਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਨੰਬਰ ‘ਤੇ ਇੱਕ ਵੀਡੀਓ ਅਪਲੋਡ ਕਰਕੇ ਦੋਸ਼ ਲਗਾਇਆ ਹੈ ਕਿ ਉਸਨੂੰ ਅਤੇ ਉਸਦੀ ਪਤਨੀ, ਜੋ ਕਿ ਨਗਰ ਨਿਗਮ ਅੰਮਿ੍ਰਤਸਰ ਵਿੱਚ ਕਰਮਚਾਰੀ ਹੈ, ਨੂੰ ਬਿਊਰੋ ਦੁਆਰਾ 2021 ਵਿੱਚ ਭਿ੍ਰਸ਼ਟਾਚਾਰ ਦੇ ਇੱਕ ਕੇਸ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਅਮੋਲਕ ਸਿੰਘ ਇਸ ਮਾਮਲੇ ਦਾ ਤਫਤੀਸ਼ੀ ਅਫਸਰ ਹੋਣ ਦੇ ਨਾਤੇ ਉਸ ਤੋਂ 5000 ਰੁਪਏ ਬਤੌਰ ਰਿਸ਼ਵਤ ਵਜੋਂ ਮੰਗ ਰਿਹਾ ਸੀ ਅਤੇ ਬਹਾਨਾ ਉਨਾਂ ਦੇ ਕੇਸ ਵਿੱਚ ਨਮੂਨੇ ਵਜੋਂ ਉਸਦੀ ਆਵਾਜ ਰਿਕਾਰਡ ਕਰਨ ਦਾ ਲਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਇਸ ਗੱਲਬਾਤ ਨੂੰ ਆਪਣੇ ਫੋਨ ‘ਤੇ ਰਿਕਾਰਡ ਕਰਕੇ ਵਿਜੀਲੈਂਸ ਨੂੰ ਵੀ ਸੌਂਪ ਦਿੱਤਾ ਹੈ।

ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਉਕਤ ਇੰਸਪੈਕਟਰ ਨੂੰ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ।

ਇਸ ਸਬੰਧ ਵਿਚ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਦੇ ਉਡਣ ਦਸਤਾ-1 ਪੰਜਾਬ, ਥਾਣਾ ਐਸ.ਏ.ਐਸ. ਨਗਰ ਵਿਖੇ ਭਿਸ਼ਸਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

Exit mobile version