ਸੰਗਰੂਰ 18 ਅਕਤੂਬਰ, 2022: ਸਿਹਤ ਮੰਤਰਾਲੇ ਨੇ ਭਾਰਤ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਬ-ਵੇਰੀਐਂਟ BF.7 ਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਹੈ। ਦੇਸ਼ ਵਿੱਚ ਓਮੀਕਰੋਨ ਦੇ ਇਸ ਸਬ- ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਇੱਕ ਉੱਚ-ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਇੰਸਾਕੋਗ (INSACOG), ਡੀਬੀਟੀ (DBT), ਐਨਟੀਜੀਆਈ (NTGI) ਦੇ ਅਧਿਕਾਰੀ ਸ਼ਾਮਲ ਹੋਏ।
ਕੋਵਿਡ ਦੇ ਬਹੁਤ ਜ਼ਿਆਦਾ ਛੂਤਕਾਰੀ ਮੰਨੇ ਜਾਣ ਵਾਲੇ ਨਵੇਂ ਸਬ-ਵੇਰੀਐਂਟ BF.7 ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਦੀਵਾਲੀ ਸਮੇਤ ਆਉਣ ਵਾਲੇ ਤਿਉਹਾਰਾਂ ਦੌਰਾਨ ਕੋਰੋਨਾ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਅਤੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।
ਦਰਅਸਲ, ਚੀਨ ਵਿੱਚ ਪਾਏ ਗਏ ਓਮੀਕਰੋਨ ਦੇ ਸਬ-ਵੇਰੀਐਂਟ BF.7 ਦੇ ਭਾਰਤ ਵਿੱਚ ਵੀ ਪਾਏ ਜਾਣ ਦੀ ਪੁਸ਼ਟੀ ਹੋ ਗਈ ਹੈ, ਜਿਸ ਤੋਂ ਬਾਅਦ ਕੋਵਿਡ ਦੇ ਮਾਮਲੇ ਮੁੜ ਤੋਂ ਵਧਣ ਦਾ ਖਦਸ਼ਾ ਹੈ। ਇਸ ਖਦਸ਼ੇ ਦਰਮਿਆਨ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਇਕ ਅਹਿਮ ਮੀਟਿੰਗ ਕੀਤੀ।
ਮਹਾਰਾਸ਼ਟਰ ਵਿੱਚ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿੱਚ 17.7% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੀ ਜਾਂਚ ਕਰਨ ਵਾਲੇ ਰਾਜ ਦੇ ਸਿਹਤ ਵਿਭਾਗ ਨੇ ਓਮੀਕਰੋਨ ਦੇ ਬੀ.ਐਫ.7 ਅਤੇ ਐਕਸਬੀਬੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ਇਹ ਵੇਰੀਐਂਟ ਭਾਰਤ ਵਿੱਚ ਪਹਿਲੀ ਵਾਰ ਪਾਇਆ ਗਿਆ ਸੀ, ਜਿਸ ਦੇ ਸਰਦੀਆਂ ਦੇ ਨਾਲ-ਨਾਲ ਤਿਉਹਾਰਾਂ ਦੇ ਸੀਜ਼ਨ ਵਿੱਚ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।