ਚੰਡੀਗੜ੍ਹ, 28 ਮਾਰਚ 2023: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਾਫੀਆ ਅਤੀਕ ਅਹਿਮਦ (Atiq Ahmed) ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਚ ਉਸ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ। ਅਦਾਲਤ ਨੇ ਅਤੀਕ ਦੇ ਵਕੀਲ ਨੂੰ ਇਲਾਹਾਬਾਦ ਹਾਈਕੋਰਟ ਜਾਣ ਲਈ ਕਿਹਾ ਹੈ ।
ਅਹਿਮਦਾਬਾਦ ਜੇਲ ‘ਚ ਬੰਦ ਗੈਂਗਸਟਰ ਅਤੀਕ ਅਹਿਮਦ ਨੇ ਸੁਰੱਖਿਆ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਉਮੇਸ਼ਪਾਲ ਕਤਲ ਕਾਂਡ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਐਕਸ਼ਨ ਅਤੇ ਹਮਲਾਵਰ ਬਿਆਨਾਂ ਵਿਚਾਲੇ ਅਤੀਕ ਅਹਿਮਦ ਦਾ ਇਹ ਕਦਮ ਸਾਹਮਣੇ ਆਇਆ ਹੈ। ਅਤੀਕ ਨੇ ਮੰਗ ਕੀਤੀ ਸੀ ਕਿ ਉਸ ਨੂੰ ਗੁਜਰਾਤ ਤੋਂ ਕਿਸੇ ਹੋਰ ਜੇਲ੍ਹ ਵਿੱਚ ਨਾ ਭੇਜਿਆ ਜਾਵੇ।
ਸਾਬਕਾ ਸਪਾ ਨੇਤਾ ਅਤੀਕ ਅਹਿਮਦ (Atiq Ahmed) ਨੇ ਸੁਪਰੀਮ ਕੋਰਟ ਨੂੰ ਆਪਣੀ ਸੁਰੱਖਿਆ ਦੀ ਬੇਨਤੀ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਅਤੀਕ ਅਹਿਮਦ, ਜੋ ਕਿ ਇਸ ਵੇਲੇ ਅਹਿਮਦਾਬਾਦ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਨੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਮੰਗਿਆ ਹੈ ਕਿ ਪੁਲਿਸ ਹਿਰਾਸਤ ਜਾਂ ਪੁੱਛਗਿੱਛ ਦੌਰਾਨ ਉਸ ਨੂੰ ਕੋਈ ਸਰੀਰਕ ਨੁਕਸਾਨ ਨਾ ਪਹੁੰਚਾਇਆ ਜਾਵੇ। ਅਤੀਕ ਨੇ ਉੱਤਰ ਪ੍ਰਦੇਸ਼ ਰਾਜ ਅਤੇ ਹੋਰਾਂ ਨੂੰ ਉਸ ਨੂੰ ਅਹਿਮਦਾਬਾਦ ਦੀ ਕੇਂਦਰੀ ਜੇਲ੍ਹ ਤੋਂ ਪ੍ਰਯਾਗਰਾਜ ਜਾਂ ਉੱਤਰ ਪ੍ਰਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਨਾ ਲਿਜਾਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਸੀ।