ਚੰਡੀਗੜ੍ਹ, 24 ਜੁਲਾਈ 2023: ਗਿਆਨਵਾਪੀ ਮਾਮਲੇ (Gyanvapi) ‘ਚ ਸੁਪਰੀਮ ਕੋਰਟ ਨੇ 26 ਜੁਲਾਈ ਤੱਕ ASI ਦੇ ਸਰਵੇ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਮਸੀਤ ‘ਚ ਭੰਨਤੋੜ ਨਹੀਂ ਹੋਣੀ ਚਾਹੀਦੀ। ਇਸ ‘ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਏ.ਐੱਸ.ਆਈ ਵੱਲੋਂ ਕੀਤੇ ਗਏ ਅੱਜ ਦੇ ਸਰਵੇਖਣ ਦੌਰਾਨ ਨਾ ਤਾਂ ਕੋਈ ਭੰਨਤੋੜ ਕੀਤੀ ਗਈ ਹੈ ਅਤੇ ਨਾ ਹੀ ਇਸ ਦੀ ਕੋਈ ਅਜਿਹੀ ਯੋਜਨਾ ਹੈ। ਫਿਲਹਾਲ ਸਰਵੇ ‘ਚ ਸਿਰਫ ਮਸੀਤ ਨੂੰ ਮਾਪਣ ਦਾ ਕੰਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੁਸਲਿਮ ਧਿਰ ਨੇ ਸਰਵੇਖਣ ਦਾ ਕੰਮ ਦੋ-ਤਿੰਨ ਦਿਨਾਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਸੋਮਵਾਰ ਨੂੰ ਗਿਆਨਵਾਪੀ ਵਿੱਚ ਇੱਕ ਸਰਵੇਖਣ ਕੀਤਾ ਸੀ। ਮੁਸਲਿਮ ਪੱਖ ਨੇ ਏਐਸਆਈ ਦੇ ਸਰਵੇਖਣ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਗਿਆਨਵਾਪੀ ਮਸੀਤ ਪ੍ਰਬੰਧਕ ਕਮੇਟੀ, ਅੰਜੁਮਨ ਇੰਤੇਜ਼ਾਮੀਆ ਮਸੀਤ ਨੇ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਫੈਸਲੇ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਸੀਨੀਅਰ ਵਕੀਲ ਹੁਜ਼ੈਫਾ ਅਹਿਮਦੀ ਅੰਜੁਮਨ ਇੰਤੇਜ਼ਾਮੀਆ ਮਸਜਿਦ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਤੁਹਾਨੂੰ ਦੱਸ ਦਈਏ ਕਿ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਦੇ ਸਰਵੇਖਣ ਦਾ ਹੁਕਮ ਦਿੱਤਾ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਗਿਆਨਵਾਪੀ (Gyanvapi) ਮਸੀਤ ਪ੍ਰਬੰਧਕ ਕਮੇਟੀ ਨੂੰ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਫੈਸਲੇ ‘ਤੇ ਰੋਕ ਲਗਾਉਣ ਲਈ ਇਲਾਹਾਬਾਦ ਹਾਈ ਕੋਰਟ ਨੂੰ ਅਪੀਲ ਕਰਨ ਲਈ ਕਿਹਾ ਹੈ। ਮੁਸਲਿਮ ਪੱਖ ਨੇ ਕਿਹਾ ਕਿ ਏਐਸਆਈ ਸਰਵੇਖਣ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ ਅਤੇ ਸਾਡੀ ਅਪੀਲ ਹੈ ਕਿ ਇਸ ਨੂੰ ਦੋ-ਤਿੰਨ ਦਿਨਾਂ ਲਈ ਮੁਲਤਵੀ ਕੀਤਾ ਜਾਵੇ।