ਲਿਖਾਰੀ
ਪਰਮਿੰਦਰ ਸਿੰਘ ਸ਼ੌਂਕੀ
ਪਿਛਲੇ ਦਿਨੀਂ ਐਮਜ਼ੋਨ ਪ੍ਰਾਈਮ ਉੱਪਰ ਭੂਟਾਨ ਦੀ ਇਕ ਫ਼ਿਲਮ ਜਾਰੀ ਹੋਈ ਹੈ- ਲੁਨਾਨਾ ਫ਼ਿਲਮ ਦੀ ਕਹਾਣੀ ਇਕ ਅਧਿਆਪਕ ਤੇ ਉਸ ਦੇ ਵਿਦਿਆਰਥੀਆਂ ਦੇ ਰਿਸ਼ਤੇ ਉੱਪਰ ਹੈ. ਜਿੱਥੇ ਅਧਿਆਪਕ ਆਪਣੀ ਇੱਛਾ ਦੇ ਖ਼ਿਲਾਫ਼ ਜਾਂਦਿਆਂ, ਸਿੱਖਿਆ ਨਾਲ ਜੁੜੇ ਆਪਣੇ ਫ਼ਰਜ਼ ਦੀ ਪੂਰਤੀ ਹਿਤ ਇਕ ਅਜਿਹੀ ਥਾਂ ਤੇ ਰਹਿਣ ਲਈ ਤਿਆਰ ਹੋ ਜਾਂਦਾ ਹੈ, ਜਿਹੜਾ ਕਿ ਭੂਟਾਨ ਦੇ ਉੱਚ ਪਹਾੜੀ ਤੇ ਘੱਟ ਵਸੋਂ ਵਾਲੇ ਇਲਾਕਿਆਂ ਵਿਚ ਸ਼ਾਮਲ ਹੈ ਤੇ ਜਿੱਥੇ ਅਧਿਆਪਕ ਦੀ ਪੱਛਮੀ ਤਰਜ਼ ਭਰੀ ਜੀਵਨ ਸ਼ੈਲੀ ਦਾ ਕੋਈ ਅੰਸ਼ ਬਾਕੀ ਨਹੀਂ ਹੈ. ਅਜਿਹਾ ਨਹੀਂ ਕਿ ਇਸ ਥਾਂ ਪਹੁੰਚਣ ਵਾਲਾ ਉਹ ਪਹਿਲਾ ਅਧਿਆਪਕ ਸੀ, ਪਰ ਹਾਂ ਲੁਨਾਨਾ ਵਿਚ ਪਸੰਦ ਤੇ ਉਡੀਕਿਆ ਜਾਣ ਵਾਲਾ ਯਕੀਨਨ ਉਹ ਅੰਤਿਮ ਅਧਿਆਪਕ ਸੀ. ਹਾਲਾਂਕਿ ਫ਼ਿਲਮ ਦੀ ਕਹਾਣੀ ਨਾ ਸਿਰਫ਼ ਅਧਿਆਪਕ, ਬਲਕਿ ਵਿਦਿਆਰਥੀ ਦੇ ਸੰਕਲਪ ਨੂੰ ਵੀ ਇਕ ਵਾਰ ਮੁੜ ਤੋਂ ਪਰਿਭਾਸ਼ਿਤ ਕਰਦੀ ਹੈ|
ਇਹ ਸਾਨੂੰ ਦੱਸਦੀ ਹੈ ਕਿ ਇਕ ਅਧਿਆਪਕ ਮਨੁੱਖੀ ਸਮਾਜ ਤੇ ਸਭਿਅਤਾ ਦੇ ਭਵਿੱਖ ਦੀ ਉਹ ਚਾਬੀ ਹੁੰਦਾ ਹੈ, ਜਿਸ ਨੇ ਵਿਦਿਆਰਥੀ ਨੂੰ ਆਪਣੀਆਂ ਕਸ਼ੀਦਕਾਰੀਆਂ ਰਾਹੀਂ ਆਉਣ ਵਾਲੇ ਸਮੇਂ ਦਾ ਪਾਂਧੀ ਬਨਾਉਣਾ ਹੁੰਦਾ ਹੈ. ਇਹ ਮਹਿਜ਼ ਕੋਈ ਆਰਥਿਕਤਾ ਦੀ ਪੂਰਤੀ ਦਾ ਸਾਧਨ ਮਾਤਰ ਨਹੀਂ, ਮਨੁੱਖ ਤੇ ਸਮਾਜ ਪ੍ਰਤੀ ਸਾਡੀ ਆਪਣੀ ਚੁਣੀ ਹੋਈ ਸਮਰਪਿਤਤਾ ਦਾ ਪ੍ਰਦਰਸ਼ਨ ਹੈ. ਜੇ ਅਸੀਂ ਇਸ ਸਮਰਪਿਤਤਾ ਨੂੰ ਇਮਾਨਦਾਰੀ ਸਹਿਤ ਪੂਰਾ ਕਰਨ ਵਿਚ ਅਸਮਰੱਥ ਹਾਂ ਤਾਂ ਅਸੀਂ ਕੋਈ ਹੋਰ ਕੰਮ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ, ਪਰ ਕਿਉਂਕਿ ਅਧਿਆਪਨ ਹੁਣ ਮੰਡੀ ਦਾ ਇਕ ਅੰਗ ਬਣ ਕੇ ਰਹਿ ਚੁੱਕਾ ਹੈ, ਮੈਂ ਸਮਝਦਾ ਹਾਂ ਲੁਨਾਨਾ ਬਹੁਤ ਸਾਰੇ ਲੋਕਾਂ ਲਈ ਇਕ ਆਦਰਸ਼ਵਾਦੀ ਪਹੁੰਚ ਤੇ ਸਮਾਜ ਪ੍ਰਤੀ ਸਾਡੇ ਨਾਸਟੈਲਜੀਆ ਦਾ ਇਕ ਬਿਹਤਰੀਨ ਉਦਾਹਰਨ ਹੈ. ਮੇਰੇ ਕੋਲ ਇਸ ਦੀਆਂ ਦੋ ਉਦਾਹਰਨਾਂ ਹਨ.
ਹੇਠ ਦਿੱਤੀ ਫ਼ੋਟੋ ਵਿਚ ਇਕ ਅਜਿਹੇ ਅਧਿਆਪਕ ਦਾ ਜ਼ਿਕਰ ਕੀਤਾ ਗਿਆ ਹੈ ਜਿਹੜਾ ਵਿਦਵਤਾ ਤੇ ਸ਼ਰਾਫ਼ਤ ਦੇ ਨਕਾਬ ਹੇਠ ਪਿਛਲੇ 30 ਸਾਲ ਤੋਂ ਆਪਣੀਆਂ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ. ਪਰ ਸਾਲਾਂ ਦੇ ਸੰਤਾਪ ਤੋਂ ਬਾਅਦ ਜਦੋਂ ਉਸ ਦੀ ਇਕ ਵਿਦਿਆਰਥਣ ਨੇ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਇਕ ਟਿੱਪਣੀ ਕੀਤੀ ਤਾਂ ਉਸ ਅਧਿਆਪਕ ਦੀ ਸਾਰੀ ਕਰਤੂਤ ਬਾਹਰ ਆ ਗਈ ਤੇ 30 ਸਾਲ ਦਾ ਬਣਾਇਆ ਉਸ ਦਾ ਸ਼ਰਾਫਤੀ ਮਹਿਲ ਪਲਾਂ ਵਿਚ ਢਹਿ ਢੇਰੀ ਹੋ ਗਿਆ.
ਦੂਜੀ ਉਦਾਹਰਨ ਮੇਰੇ ਕੋਲ ਉਨ੍ਹਾਂ ਉੱਚ ਵਿੱਦਿਅਕ ਪ੍ਰਾਪਤ ਵਿਦਿਆਰਥਣਾਂ ਦੀ ਹੈ, ਜਿਹੜੀਆਂ ਨਾ ਸਿਰਫ਼ ਪੰਜਾਬ, ਬਲਕਿ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਵਿਚ ਮਹਿਜ਼ ਨਿੱਕੇ ਨਿੱਕੇ ਲਾਲਚਾਂ ਦੀ ਪੂਰਤੀ ਹਿਤ ਅਜਿਹੇ ਅਧਿਆਪਕਾਂ ਦੁਆਰਾ ਸ਼ੋਸ਼ਿਤ ਹੋ ਰਹੀਆਂ ਹਨ, ਜਿਨ੍ਹਾਂ ਨੂੰ ਅਸੀਂ ਲੁਨਾਨਾ ਦੇ ਸ਼ਬਦਾਂ ਵਿਚ ਭਵਿੱਖ ਦੀ ਚਾਬੀ ਦੇ ਮਾਲਕ ਸਮਝਦੇ ਹਾਂ. ਇਹ ਉਹ ਵਿਦਿਆਰਥਣਾਂ ਹਨ ਜਿਨ੍ਹਾਂ ਨੇ ਲੁਨਾਨਾ ਦੇ ਨਿੱਕੇ ਬੱਚਿਆਂ ਦੇ ਉਲਟ ਕਦੀ ਆਪਣੇ ਅਧਿਆਪਕ ਨੂੰ ਉਸ ਦੇ ਫਰਜ਼ ਦੀ ਯਾਦ ਨਹੀਂ ਦਿਵਾਈ. ਸ਼ਾਇਦ ਇਹੀ ਕਾਰਨ ਹੈ ਕਿ ਅੱਜ ਜਦੋਂ ਸਾਨੂੰ ਸਭ ਨੂੰ ਪਤਾ ਹੈ ਕਿ ਕਿਹੜੀ ਯੂਨੀਵਰਸਿਟੀ ਵਿਚ ਕਿਹੜਾ ਅਧਿਆਪਕ ਕਿਸ ਤਰ੍ਹਾਂ ਆਪਣੀਆਂ ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰ ਰਿਹਾ ਹੈ, ਖ਼ੁਦ ਵਿਦਿਆਰਥਣਾਂ ਦੀ ਚੁੱਪ ਕਾਰਨ ਖਾਮੋਸ਼ ਹਾਂ. ਮੈਂ ਸਮਝਦਾ ਹਾਂ ਸਾਡੀ ਇਹ ਚੁੱਪੀ ਹੀ ਸਾਬਤ ਕਰਦੀ ਹੈ ਅੱਜ ਦਾ ਅਧਿਆਪਕ ਵਿਦਿਆਰਥੀ ਸੰਬੰਧ ਕਿੰਨੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ.
ਲੁਨਾਨਾ ਦਾ ਇਕ ਉਪਨਾਮ ਹੈ- ਜਮਾਤ ਵਿਚ ਇਕ ਯਾਕ. ਨਾਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਤਾਂ ਪੜ੍ਹਾਉਂਦਾ ਹੀ ਹੈ, ਨਾਲ ਹੀ ਨਾਲ ਉਹ ਭੂਟਾਨ ਦੇ ਪ੍ਰਸਿੱਧ ਜਾਨਵਰ ਯਾਕ ਨੂੰ ਵੀ ਸੰਬੋਧਿਤ ਹੁੰਦਾ ਹੈ. ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ. ਮੈਂ ਸੋਚਦਾ ਹਾਂ ਕਿ ਸਾਡੇ ਕੋਲ ਅਜਿਹਾ ਕਿਹੜਾ ਅਧਿਆਪਕ ਹੈ, ਜਿਹੜਾ ਏਨਾ ਸੰਵੇਦਨਸ਼ੀਲ ਹੈ? ਮੈਂ ਸੋਚਦਾ ਹਾਂ ਅਸੀਂ ਵਿਦਿਆਰਥੀ ਵੀ ਤਾਂ ਕਿੰਨੇ ਅਸੰਵੇਦਨਸ਼ੀਲ ਹੋ ਗਏ ਹਾਂ. ਜੇਕਰ ਅਜਿਹਾ ਨਾ ਹੁੰਦਾ ਤਾਂ ਯਕੀਨਨ ਲੁਨਾਨਾ ਸਾਡੇ ਇੱਥੇ ਕਿਤੇ ਫ਼ਿਲਮਾਈ ਜਾਂਦੀ. ਸਾਡੇ ਕੋਲ ਤੇ ਕਿੰਨੀ ਵੱਡੀ ਅਧਿਆਪਕ ਪਰੰਪਰਾ ਸੀ. ਜਿਸ ਦਾ ਅਸੀਂ ਆਪਣੇ ਹੱਥੀਂ ਕਤਲ ਕੀਤਾ ਹੈ