Dr. Baljit Kaur

ਭਗਵੰਤ ਮਾਨ ਕੈਬਨਿਟ ਦੀ ਇਕਲੌਤੀ ਲੇਡੀ ਮੰਤਰੀ “ਡਾ ਬਲਜੀਤ ਕੌਰ” ਦੀ ਕਹਾਣੀ

ਚੰਡੀਗੜ੍ਹ 19 ਮਾਰਚ 2022: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਇਸ ਕੈਬਿਨੇਟ ‘ਚ ਫਰੀਦਕੋਟ ਦੀ ਧੀ ਡਾ: ਬਲਜੀਤ ਕੌਰ (Dr. Baljit Kaur) ਇਕਲੌਤੀ ਲੇਡੀ ਕੈਬਿਨੇਟ ਮੰਤਰੀ ਬਣੀ ਹੈ |

ਪੰਜਾਬ ਸਰਕਾਰ ਦੇ ਨਵੇਂ ਮੰਤਰੀ ਮੰਡਲ ‘ਚ ਸ਼ਾਮਲ 47 ਸਾਲਾ ਡਾ: ਬਲਜੀਤ ਕੌਰ ਨੇ ਲਗਭਗ 18 ਸਾਲਾਂ ਤੋਂ ਸਰਕਾਰੀ ਡਾਕਟਰ ਵਜੋਂ ਮਰੀਜ਼ਾਂ ਨੂੰ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਬਲਜੀਤ ਕੌਰ ਬੇਸ਼ੱਕ ਪੇਸ਼ੇ ਤੋਂ ਡਾਕਟਰ ਹੈ, ਪਰ ਰਾਜਨੀਤੀ ਉਸ ਦੇ ਖੂਨ ਵਿਚ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਸਾਧੂ ਸਿੰਘ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ। ਉਹ ਮਲੋਟ ਰਾਖਵੀਂ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੂੰ 40,261 ਵੋਟਾਂ ਨਾਲ ਹਰਾ ਕੇ ਵਿਧਾਇਕ ਬਣੀ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਮਾਣ ਹਾਸਲ ਹੋਇਆ ਹੈ। 18 ਸਾਲ ਦੀ ਸਰਕਾਰੀ ਨੌਕਰੀ ਦੌਰਾਨ ਅੱਖਾਂ ਦੇ ਮਾਹਿਰ ਡਾ: ਬਲਜੀਤ ਕੌਰ ਨੇ ਕਰੀਬ ਦਸ ਸਾਲ ਜ਼ਿਲ੍ਹਾ ਮੁਕਤਸਰ ਦੇ ਸਿਵਲ ਹਸਪਤਾਲ ਵਿਚ ਸੇਵਾ ਨਿਭਾਈ | ਇਹੀ ਕਾਰਨ ਹੈ ਕਿ ਉਹ ਇਲਾਕੇ ਦੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ।

ਡਾ: ਬਲਜੀਤ ਕੌਰ (Dr. Baljit Kaur) ਆਪਣੀ ਨੌਕਰੀ ਦੌਰਾਨ 17 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਅੱਖਾਂ ਦੇ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ | ਡਾ: ਬਲਜੀਤ ਕੌਰ ਨੇ ਸਿਹਤ ਵਿਭਾਗ ਨੂੰ ਪਿਛਲੇ ਸਾਲ ਅਗਸਤ ਵਿਚ ਤਿੰਨ ਮਹੀਨਿਆਂ ਦੇ ਨੋਟਿਸ ‘ਤੇ ਆਪਣਾ ਅਸਤੀਫ਼ਾ ਭੇਜਿਆ ਸੀ | ਇਹ ਤਾਂ ਉਸ ਦੀ ਖਾਸੀਅਤ ਹੀ ਕਹੀ ਜਾਵੇਗੀ ਕਿ ਚੋਣ ਪ੍ਰਚਾਰ ਦੌਰਾਨ ਵੀ ਉਹ ਪ੍ਰਚਾਰ ਘੱਟ ਤੇ ਲੋਕਾਂ ਦੀਆਂ ਨਜ਼ਰਾਂ ਜ਼ਿਆਦਾ ਚੈਕ ਕਰਦੀ ਨਜ਼ਰ ਆਈ। ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਸ਼ਹਿਰ ਦੀ ਇੱਕ ਨਾਮੀ ਸਮਾਜ ਸੇਵੀ ਸੰਸਥਾ ਦੇ ਚੈਰੀਟੇਬਲ ਹਸਪਤਾਲ ਵਿੱਚ ਆ ਕੇ ਮੁੜ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਦੀ ਸੇਵਾ ਵਿੱਚ ਜੁਟ ਗਈ।

ਜ਼ਿਕਰਯੋਗ ਹੈ ਕਿ ਡਾ: ਬਲਜੀਤ ਕੌਰ ਮੂਲ ਰੂਪ ‘ਚ ਫਰੀਦਕੋਟ ਦੀ ਰਹਿਣ ਵਾਲੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਮੁਕਤਸਰ ਦੇ ਸਿਵਲ ਹਸਪਤਾਲ ‘ਚ ਕੰਮ ਕਰਕੇ ਮੁਕਤਸਰ ‘ਚ ਰਹਿ ਰਹੀ ਸੀ। ਇਨ੍ਹਾਂ ਦਾ ਫਰੀਦਕੋਟ ਚਹਿਲ ਰੋਡ ਤੇ ਨਿਵਾਸ ਸਥਾਨ ਹੈ। ਉਹ ਬੀਤੀ 1 ਜਨਵਰੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾ ਦੇ ਪਤੀ ਦਲਜੀਤ ਸਿੰਘ ਪੀਐਸਪੀਸੀਐਲ ਕੋਟਕਪੂਰਾ ਵਿੱਚ ਬਤੌਰ ਐਕਸੀਅਨ ( ਸਟੋਰ ) ਤਾਇਨਾਤ ਹੈ। ਉਨ੍ਹਾਂ ਦੀਆਂ ਦੋ ਧੀਆਂ ਨਵਨੀਤ ਕੌਰ ਅਤੇ ਰਿਆਦੀਪ ਕੌਰ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਡਾ: ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਵਿਭਾਗ ਮਿਲੇਗਾ, ਉਹ ਪੂਰੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਯਤਨ ਕਰੇਗੀ।ਗੁਡ ਮੋਰਨਿੰਗ ਕਲੱਬ ਕੋਟਕਪੂਰਾ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿਲੋਂ ਅਤੇ ਸਮੂਹ ਮੈਂਬਰਾਂ ਵਲੋਂ ਡਾਕਟਰ ਬਲਜੀਤ ਕੌਰ ਦੇ ਮੰਤਰੀ ਬਣਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

Scroll to Top