Site icon TheUnmute.com

ਇਜ਼ਰਾਈਲ ਪੁੱਜੇ ਜੋਅ ਬਾਈਡਨ ਦਾ ਬਿਆਨ, ਕਿਹਾ- ਗਾਜ਼ਾ ਹਸਪਤਾਲ ਹਮਲੇ ‘ਚ ਇਜ਼ਰਾਈਲ ਦਾ ਹੱਥ ਨਹੀਂ

Joe Biden

ਚੰਡੀਗੜ੍ਹ, 18 ਅਕਤੂਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੇ ਬੁੱਧਵਾਰ ਨੂੰ ਗਾਜ਼ਾ ਹਸਪਤਾਲ ਵਿਸਫੋਟ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਯੁੱਧ ਦੌਰਾਨ ਇਜ਼ਰਾਈਲ ਪਹੁੰਚੇ ਬਾਈਡਨ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਹਸਪਤਾਲ ਵਿੱਚ ਜੋ ਧਮਾਕਾ ਹੋਇਆ ਹੈ, ਉਹ ਇਜ਼ਰਾਈਲ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਮਾਕੇ ਦੇ ਸਮੇਂ ਹਸਪਤਾਲ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ। ਅਜਿਹੇ ‘ਚ ਇਹ ਤੈਅ ਨਹੀਂ ਹੈ ਕਿ ਧਮਾਕੇ ਦਾ ਅਸਲ ਕਾਰਨ ਕੀ ਸੀ।

ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਕਿਹਾ, ‘ਮੈਂ ਜੋ ਦੇਖਿਆ ਹੈ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਨਹੀਂ ਹੈ। ਸੰਭਵ ਹੈ ਕਿ ਕਿਸੇ ਹੋਰ ਗਰੁੱਪ ਨੇ ਅਜਿਹਾ ਕੀਤਾ ਹੋਵੇ। ਜਿਸ ਵਿੱਚ ਸੈਂਕੜੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਸਮੇਂ ਹਸਪਤਾਲ ਵਿੱਚ ਬਹੁਤ ਸਾਰੇ ਨਾਗਰਿਕ ਅਤੇ ਮਰੀਜ਼ ਮੌਜੂਦ ਸਨ। ਇਸ ਲਈ ਇਹ ਯਕੀਨ ਨਾਲ ਕਹਿਣਾ ਸਹੀ ਨਹੀਂ ਹੋਵੇਗਾ ਕਿ ਧਮਾਕੇ ਦਾ ਕਾਰਨ ਕੀ ਸੀ।

ਜਿਕਰਯੋਗ ਹੈ ਕਿ ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਦੇ ਹਸਪਤਾਲ ਵਿਚ ਧਮਾਕਾ ਇਜ਼ਰਾਇਲੀ ਹਵਾਈ ਹਮਲੇ ਕਾਰਨ ਹੋਇਆ ਹੈ। ਹਾਲਾਂਕਿ, ਇਜ਼ਰਾਇਲੀ ਫੌਜ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਜ਼ਰਾਈਲੀ ਫੌਜ ਨੇ ਇੱਕ ਅਸਫਲ ਰਾਕੇਟ ਨੂੰ ਇੱਕ ਹੋਰ ਅੱਤਵਾਦੀ ਸਮੂਹ – ਫਿਲੀਸਤੀਨੀ ਇਸਲਾਮਿਕ ਜੇਹਾਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਉਸ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਬਾਈਡਨ (Joe Biden) ਇਜ਼ਰਾਈਲ-ਹਮਾਸ ਜੰਗ ਦੇ 13ਵੇਂ ਦਿਨ ਇਜ਼ਰਾਈਲ ਪਹੁੰਚ ਗਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਤੇਲ ਅਵੀਵ ਦੇ ਬੇਂਗੂਰੀਅਨ ਹਵਾਈ ਅੱਡੇ ‘ਤੇ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਦੌਰਾਨ ਬਾਈਡਨ ਨੇ ਨੇਤਨਯਾਹੂ ਨੂੰ ਦੇਖਦੇ ਹੀ ਜੱਫੀ ਪਾ ਲਈ। ਬਾਈਡਨ ਦਾ ਸਵਾਗਤ ਕਰਨ ਲਈ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜੋਗ ਵੀ ਉੱਥੇ ਮੌਜੂਦ ਸਨ।

Exit mobile version