ਚੰਡੀਗੜ੍ਹ 23 ਦਸੰਬਰ 2022: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਤਹਿ ਦਿੱਲੋਂ ਸ਼ਰਧਾਂਜਲੀ ਦਿੱਤੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਅਜੀਤ ਸਿੰਘ (18 ਸਾਲ) ਅਤੇ ਜੁਝਾਰ ਸਿੰਘ (14 ਸਾਲ) ਨੇ ਵੱਡੀ ਗਿਣਤੀ ਮੁਗ਼ਲ ਫ਼ੌਜਾਂ ਨਾਲ ਅਨੋਖਾ ਯੁੱਧ ਲੜਦੇ ਹੋਏੇ ਚਮਕੌਰ ਦੀ ਗੜ੍ਹੀ ਵਿੱਚ 22 ਦਸੰਬਰ ਦੀ ਸਵੇਰ ਨੂੰ ਸ਼ਹੀਦੀ ਪਾਈ ਜਦਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਸੱਤ ਸਾਲ ਗਿਆਰਾਂ ਮਹੀਨੇ) ਤੇ ਸਾਹਿਬਜ਼ਾਦਾ ਫ਼ਤਹਿ ਸਿੰਘ (ਪੰਜ ਸਾਲ ਦਸ ਮਹੀਨੇ) ਨੂੰ ਸਰਹਿੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਸ. ਸੰਧਵਾਂ ਨੇ ਕਿਹਾ ਕਿ ਸਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹਾਦਤ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਪ੍ਰਤੀ ਦ੍ਰਿੜਤਾ ਦਾ ਅਜਿਹਾ ਪ੍ਰਗਟਾਵਾ ਹੈ ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਅਕੀਦੇ ਵਿੱਚ ਪੱਕੇ ਰਹਿਣ ਦੀ ਅਪੀਲ ਕਰਦੇ ਹੋਏ ਸਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਤੋਂ ਸੇਧ ਲੈਣ ਲਈ ਕਿਹਾ ਹੈ।