July 7, 2024 10:53 am
ਬੁੱਢਾ ਦਰਿਆ

ਬੁੱਢਾ ਦਰਿਆ ਪਦਯਾਤਰਾ ਦਾ ਛੇਵਾਂ ਪੜਾਅ ਸਫਲਤਾਪੂਰਵਕ ਹੋਇਆ ਪੂਰਨ

ਲੁਧਿਆਣਾ 26 ਦਸੰਬਰ 2022: ਇਹ ਯਾਤਰਾ ਦਾ ਇੱਕ ਛੋਟਾ, ਪਰ ਮਹੱਤਵਪੂਰਨ ਪੜਾਅ ਸੀ। ਬੁੱਢਾ ਦਰਿਆ ਦੇ ਪੁਨਰ-ਨਿਰਮਾਣ ਪ੍ਰੋਜੈਕਟ ਦੀ ਮਜ਼ਬੂਤੀ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਲਈ, ਕਾਰਕੁੰਨਾਂ ਨੇ ਪਦਯਾਤਰਾ ਦੇ ਛੇਵੇਂ ਪੜਾਅ ਨਾਲ, ਆਪਣਾ ਉਪਰਾਲਾ ਜਾਰੀ ਰੱਖਿਆ। ਭਾਮੀਆਂ ਕਲਾਂ ਤੋਂ ਕੇਂਦਰੀ ਜੇਲ੍ਹ ਨੇੜੇ ਤਾਜਪੁਰ ਐਸ.ਟੀ.ਪੀ ਪੁਲ ਤੱਕ 2.5 ਕਿਲੋਮੀਟਰ ਦੀ ਇਹ ਦੂਰੀ, ਮਿਉਂਸਿਪਲ ਸੀਮਾ ਦੇ ਅੰਦਰ ਆਉਂਦੀ ਹੈ। ਮੌਸਮ ਲਗਾਤਾਰ ਖ਼ਰਾਬ ਰਿਹਾ। ਧੁੰਦ ਕਰਕੇ ਮੁਸ਼ਕਿਲ ਪੇਸ਼ ਆ ਰਹੀ ਸੀ। ਯਾਤਰਾ ਸ਼ੁਰੂ ਕਰਨ ਵੇਲੇ, ਤਾਪਮਾਨ 6 ਡਿਗਰੀ ਸੈਂਟੀਗਰੇਡ ਸੀ।

ਫੇਜ਼ – 6 ਦੇ ਟੀਮ ਲੀਡਰ ਡਾ: ਰਾਕੇਸ਼ ਸ਼ਾਰਦਾ ਸਨ। ਉਨ੍ਹਾਂ ਨੇ ਬੁੱਢਾ ਦਰਿਆ ਦੇ ਕੰਢੇ ਮਾਰਚ ਕਰਕੇ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ, ਪੂਰੇ ਪੜਾਅ ਦੀ ਨਿਵੇਕਲੇ ਢੰਗ ਨਾਲ ਆਯੋਜਨ ਕੀਤਾ। ਆਲੇ-ਦੁਆਲੇ ਅਤੇ ਦਰਿਆ ਦੀ ਸਫ਼ਾਈ ਰੱਖਣ ਲਈ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਜੋਸ਼ ਭਰਪੂਰ ਗਤੀ ਨੂੰ ਜਾਰੀ ਰੱਖਿਆ ਗਿਆ।

ਜਮਾਲਪੁਰ ਅਤੇ ਫੋਕਲ ਪੁਆਇੰਟ ਦੇ ਦੋ ਡਰਾਇੰਗ ਕਲੱਸਟਰਾਂ ਨਾਲ ਜੁੜੇ ਦੋ ਨਵੇਂ ਬਣੇ ਸੀ.ਈ.ਟੀ.ਪੀ. ਹੋਣ ਦੇ ਬਾਵਜੂਦ, ਤਾਜਪੁਰ ਵਾਲੇ ਐਸ.ਟੀ.ਪੀ. ਪੁਲ ਵੱਲ ਨੂੰ ਵਧਣ ਲੱਗੀਏ ਤਾ ਗਾਤਾਂ ਹੀ ਦਰਿਆ ਦੀ ਵਧਦੀ ਮੰਦਹਾਲੀ ਅਤੇ ਗੰਦਗੀ ਭਰਿਆ ਆਲ਼ਾ-ਦੁਆਲ਼ਾ ਸਾਫ਼ ਨਜ਼ਰ ਆਉਂਦਾ ਹੈ। ਦਰਿਆ ਨੂੰ ਕਾਲ਼ੇ ਪਾਣੀ ਵਿੱਚ ਬਦਲਦੇ ਦੇਖਿਆ ਜਾ ਸਕਦਾ ਹੈ। ਇਸ ਖੇਤਰ ਵਿੱਚ ਉਦਯੋਗ, ਡੇਅਰੀ ਅਤੇ ਸੀਵਰ ਬੁੱਢਾ ਦਰਿਆ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਕਰ ਰਹੇ ਹਨ। ਪ੍ਰਦੂਸ਼ਣ ਦਾ ਪੱਧਰ ਬਹੁਤ ਉੱਚਾ ਹੈ। ਕੋਈ ਵੀ ਹਰਿਆਵਲ ਕਵਰ ਮੌਜੂਦ ਨਹੀਂ ਹਨ।

ਬੁੱਢਾ ਦਰਿਆ

ਦਰਿਆ ਦੇ ਦੋਵੇਂ ਪਾਸੀਂ ਜ਼ਮੀਨੀ ਕਬਜ਼ੇ ਸਭ ਤੋਂ ਵੱਧ ਪਾਏ ਜਾਂਦੇ ਹਨ। ਧਰਤੀ ਹੇਠਲੇ ਪਾਣੀ, ਮਿੱਟੀ, ਹਵਾ ਦੀ ਗੁਣਵੱਤਾ ਅਤੇ ਵਾਤਾਵਰਣ ‘ਤੇ ਗੰਭੀਰ ਪ੍ਰਭਾਵ ਦੇ ਨਾਲ ਬੁੱਢਾ ਦਰਿਆ ਵਿੱਚ ਅਣਸੋਧਿਆ ਪਾਣੀ ਪਾਇਆ ਜਾ ਰਿਹਾ ਹੈ। ਕਈ ਥਾਵਾਂ ‘ਤੇ ਡੇਅਰੀ ਰਹਿੰਦ-ਖੂੰਹਦ ਨੂੰ ਬੁੱਢਾ ਦਰਿਆ ਵਿਚ ਸੁੱਟਦੇ ਦੇਖਿਆ ਜਾ ਸਕਦਾ ਹੈ। ਗੈਰ-ਯੋਜਨਾਬੱਧ ਉਦਯੋਗਿਕ ਅਤੇ ਸ਼ਹਿਰੀ ਵਿਕਾਸ ਦਾ ਪ੍ਰਭਾਵ ਗੁਣਵੱਤਾ ਵਿਕਾਸ ਨੂੰ ਅਸਫਲਤਾ ਵੱਲ ਲੈ ਕੇ ਜਾ ਰਿਹਾ ਦਿਸਦਾ ਹੈ।

ਜਲ, ਮਿੱਟੀ, ਹਵਾ ਅਤੇ ਆਲੇ-ਦੁਆਲੇ ਦਾ ਬਹੁਤ ਉੱਚ ਪੱਧਰ ਦਾ ਪ੍ਰਦੂਸ਼ਣ ਦੇਖਿਆ ਜਾ ਸਕਦਾ ਹੈ। ਕੰਟਰੋਲ ਕਰਨ ਵਾਲੀਆਂ ਏਜੰਸੀਆਂ ਅਤੇ ਪ੍ਰਸ਼ਾਸਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਕੂੜਾ, ਠੋਸ ਰਹਿੰਦ-ਖੂੰਹਦ ਅਤੇ ਉਦਯੋਗਾਂ ਦੀ ਸੁਆਹ ਨੂੰ ਦਰਿਆ ਵਿੱਚ ਸੁੱਟਿਆ ਜਾਂਦਾ ਹੈ । ਇਹ ਭਿਆਨਕ ਅਤੇ ਬਦਬੂਦਾਰ ਮਾਹੌਲ ਸਿਰਜਣ ਦੇ ਨਾਲ ਬਹੁਤ ਸਾਰੀਆਂ ਥਾਵਾਂ ‘ਤੇ ਖਿਲਰਿਆ ਦੇਖਿਆ ਜਾਂਦਾ ਹੈ।

ਇਹ ਇਲਾਕਾ ਦਰਿਆ, ਹਵਾ, ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਆਲੇ-ਦੁਆਲੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲਾ ਲੱਗਿਆ। ਡਾ: ਰਾਕੇਸ਼ ਸ਼ਾਰਦਾ ਦੀ ਅਗਵਾਈ ਹੇਠ, ਪੀਏਯੂ ਦੇ ਮਿੱਟੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਦੀ ਟੀਮ ਵੱਲੋਂ ਹਰ 500 ਮੀਟਰ ‘ਤੇ ਪਾਣੀ ਦੇ ਨਮੂਨੇ ਲਏ ਗਏ।

ਇੱਕ ਵਾਰ ਫਿਰ, ਤਾਜਪੁਰ ਸੀ.ਈ.ਟੀ.ਪੀ. ਨੂੰ ਆਮ ਵਾਂਗ ਲਗਾਤਾਰ ਪ੍ਰਦੂਸ਼ਿਤ ਪਾਣੀ ਦਾ ਨਿਕਾਸ ਕਰਦੇ ਦੇਖਿਆ ਗਿਆ; ਜਦੋਂ ਕਿ ਫੋਕਲ ਪੁਆਇੰਟ ਸੀ.ਈ.ਟੀ.ਪੀ. ਬੰਦ ਮਿਲਿਆ। ਅਪਗ੍ਰੇਡੇਸ਼ਨ ਯੋਜਨਾ ਦੇ ਤਹਿਤ ਐਸਟੀਪੀ ਗੈਰ-ਕਾਰਜਸ਼ੀਲ ਮਿਲਿਆ। ਹੈਰਾਨੀ ਦੀ ਗੱਲ ਹੈ ਕਿ ਸਾਡੇ ਉਸ ਸਥਾਨ ‘ਤੇ ਪਹੁੰਚਣ ਤੋਂ ਬਾਅਦ ਇਸਨੂੰ ਜ਼ੀਰੋ ਡਿਸਚਾਰਜ ਨਾਲ ਬੰਦ ਕਰ ਦਿੱਤਾ ਗਿਆ ਸੀ। ਪਹਿਲਾਂ ਇਹ ਤੇਜ਼ਾਬੀ ਗੰਧ ਨਾਲ ਸਲੇਟੀ ਰੰਗ ਦਾ ਪਾਣੀ ਕੱਢਦਾ ਮਿਲਿਆ ਸੀ। ਇਲੈਕਟ੍ਰੋਪਲੇਟਿੰਗ ਯੂਨਿਟਾਂ ਦਾ ਦੂਸ਼ਿਤ ਪਾਣੀ ਸੀਵਰੇਜ ਰਾਹੀਂ ਆਉਂਦਾ ਦੇਖਿਆ ਗਿਆ।

ਬੁੱਢਾ ਦਰਿਆ

22 ਆਊਟਲੇਟ, ਡੇਅਰੀਆਂ ਤੋਂ ਵੱਧ ਤੋਂ ਵੱਧ ਬੁੱਢਾ ਦਰਿਆ ਵਿੱਚ ਕੂੜਾ ਸੁੱਟਦੇ ਦੇਖੇ ਜਾ ਸਕਦੇ ਹਨ। ਦੋ ਉਦਯੋਗਿਕ ਇਕਾਈਆਂ ਵੀ 2.5 ਕਿਲੋਮੀਟਰ ਦੇ ਖੇਤਰ ਵਿੱਚ ਬੁੱਢਾ ਦਰਿਆ ਵਿੱਚ ਅਣਸੋਧਿਆ ਪਾਣੀ ਛੱਡਦੀਆਂ ਦਿਸੀਆਂ। PPCB ਦਾ ਕੋਈ ਨੁਮਾਇੰਦਾ ਅੱਜ ਪਦਯਾਤਰਾ ਵਿੱਚ ਸ਼ਾਮਲ ਨਹੀਂ ਹੋਇਆ। ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਤਰਸਯੋਗ ਹਾਲਤ ਵਿੱਚ ਜੀਅ ਰਹੇ ਹਨ।

ਆਸੇ ਪਾਸੇ ਦੇ ਲੋਕਾਂ ਨਾਲ ਗੱਲਬਾਤ ਦਾ ਸੈਸ਼ਨ ਜਾਰੀ ਰੱਖਿਆ ਗਿਆ। ਪਾਣੀ, ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਅਤੇ ਪਤਨ ਬਾਰੇ ਜਾਗਰੂਕਤਾ ਮੁਹਿੰਮ ਜਾਰੀ ਰਹੀ। ਜਲ ਸਰੋਤਾਂ ਦੇ ਪ੍ਰਦੂਸ਼ਣ, ਜ਼ਮੀਨੀ ਪਾਣੀ ਦੀ ਵਧ ਰਹੀ ਘਾਟ, ਵਾਤਾਵਰਣ ਦੇ ਘਟਦੇ ਸਰੋਤਾਂ, ਗੰਭੀਰ ਪ੍ਰਭਾਵਾਂ ਅਤੇ ਮਨੁੱਖੀ ਸਿਹਤ ‘ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਮੱਤੇਵਾੜਾ ਖੇਤਰ ਵਿੱਚ ਈਕੋ ਟੂਰਿਜ਼ਮ, ਜੰਗਲਾਂ ਅਤੇ ਜੈਵ ਵਿਭਿੰਨਤਾ ਨੂੰ ਵਿਕਸਤ ਕਰਨ ਲਈ ਰਾਜ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਲਾਭਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਗਿਆ।

ਡਾ. ਰਾਕੇਸ਼ ਸ਼ਾਰਦਾ, ਗੁਰਪ੍ਰੀਤ ਸਿੰਘ ਪਲਾਹਾ, ਮੋਹਿਤ ਸਾਗਰ, ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਸੁਭਾਸ਼ ਚੰਦਰ, ਦਾਨ ਸਿੰਘ, ਵਿਜੇ ਕੁਮਾਰ ਅਤੇ ਕਰਨਲ ਸੀ.ਐਮ ਲਖਨਪਾਲ ਦੀ ਇਸ ਟੀਮ ਵਿੱਚ, ਹਰਿਆਵਲ ਪੰਜਾਬ ਤੋਂ ਕਮਲ ਕਟਾਰੀਆ ਅਤੇ ਹਰਸ਼ ਗਰਗ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰਾਂ ਨੇ ਵੀ ਭਾਗ ਲਿਆ। ਏ.ਜੀ.ਏ.ਪੀ.ਪੀ. ਦੀ ਤਰਫੋਂ ਐਡਵੋਕੇਟ ਆਰ.ਐਸ. ਅਰੋੜਾ ਨੇ ਭਾਗ ਲਿਆ।ਪਦਯਾਤਰਾ ਦੇ ਸੱਤਵੇਂ ਪੜਾਅ ਲਈ ਸ਼ੁਰੂਆਤੀ ਬਿੰਦੂ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਅਗਲੇ ਐਤਵਾਰ 01 ਜਨਵਰੀ 2023 ਨੂੰ ਸਵੇਰੇ 10.00 ਵਜੇ, ਕੇਂਦਰੀ ਜੇਲ੍ਹ ਦੇ ਨੇੜੇ ਤਾਜਪੁਰ ਐਸਟੀਪੀ ਬ੍ਰਿਜ ਹੋਵੇਗਾ।