July 4, 2024 9:16 pm
Pakistan-Afghanistan Clash

ਸਰਹੱਦ ‘ਤੇ ਮੁਰੰਮਤ ਕਾਰਜ ਨੂੰ ਲੈ ਕੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਬਣੀ ਟਕਰਾਅ ਦੀ ਸਥਿਤੀ

ਚੰਡੀਗੜ੍ਹ 19 ਦਸੰਬਰ 2022: (Pakistan-Afghanistan Clash) ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੰਬੰਧਾਂ ਵਿਚ ਤੇਜ਼ੀ ਨਾਲ ਟਕਰਾਅ ਦੁਇ ਸਥਿਤੀ ਪੈਦਾ ਹੋ ਰਹੀ ਹੈ । ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਕਾਰਨ ਅਫਗਾਨਿਸਤਾਨ ‘ਚ ਸੱਤਾਧਾਰੀ ਤਾਲਿਬਾਨ ਅਤੇ ਪਾਕਿਸਤਾਨ ਦੀ ਸਰਕਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ।

ਪਿਛਲੇ ਹਫਤੇ ਚਮਨ ਸਰਹੱਦ ‘ਤੇ ਅਫਗਾਨਿਸਤਾਨ ਤੋਂ ਗੋਲੀਬਾਰੀ ‘ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ ਅਤੇ ਦਰਜਨਾਂ ਨਾਗਰਿਕ ਜ਼ਖਮੀ ਹੋ ਗਏ ਸਨ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਤੋਂ ਚਮਨ ਸਰਹੱਦ ਤੱਕ ਲਗਭਗ 100 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਵੀ ਇਸੇ ਇਲਾਕੇ ‘ਚ ਅਫਗਾਨਿਸਤਾਨ ਤੋਂ ਗੋਲੀਬਾਰੀ ‘ਚ ਸੱਤ ਨਾਗਰਿਕ ਮਾਰੇ ਜਾਣ ਦੀ ਖ਼ਬਰ ਹੈ |

ਪਾਕਿਸਤਾਨ (Pakistan) ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਬਲਾਂ ਨੇ ਗੋਲਾਬਾਰੀ ਦੀਆਂ ਘਟਨਾਵਾਂ ਦਾ ਜਵਾਬ ਦਿੱਤਾ ਜਿਸ ਵਿੱਚ ਅੱਠ ਤੋਂ ਨੌਂ ਅਫਗਾਨ ਸੈਨਿਕ ਮਾਰੇ ਗਏ। ਪਰ ਅਫਗਾਨਿਸਤਾਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਨ੍ਹਾਂ ਘਟਨਾਵਾਂ ਤੋਂ ਨਾਰਾਜ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਹਫਤੇ ਦੇ ਅੰਤ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ “ਅਫਗਾਨਿਸਤਾਨ (Afghanistan) ਦੀ ਅੰਤਰਿਮ ਸਰਕਾਰ” ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।

ਪਾਕਿਸਤਾਨ ਦੇ ਸੁਰੱਖਿਆ ਮਾਹਿਰਾਂ ਮੁਤਾਬਕ ਪਾਕਿਸਤਾਨ ਦੀ ਹੁਣ ਤੱਕ ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ਤਣਾਅ ਨੂੰ ਕੰਟਰੋਲ ‘ਚ ਰੱਖਣ ਦੀ ਰਹੀ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਅੰਦਰ ਵਧਦੇ ਸਿਆਸੀ ਅਤੇ ਆਰਥਿਕ ਸੰਕਟ ਕਾਰਨ ਪਾਕਿਸਤਾਨ ਸਰਕਾਰ ਨਹੀਂ ਚਾਹੁੰਦੀ ਕਿ ਇਹ ਵਿਵਾਦ ਭਖ ਜਾਵੇ।

ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦ ‘ਤੇ ਮੁਰੰਮਤ ਦੇ ਕੰਮ ‘ਚ ਪਾਕਿਸਤਾਨੀ ਸੈਨਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਤਾਲਿਬਾਨੀ ਫੌਜਾਂ ਨੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਵਿੱਚ ਅਤਿਵਾਦ ਦੇ ਮਾਹਿਰ ਫਖਰ ਕਾਕਾਖੇਲ ਨੇ ਕਿਹਾ ਹੈ ਕਿ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਤਾਲਿਬਾਨ ਅਜੇ ਆਪਣੀ ਜੇਹਾਦੀ ਮਾਨਸਿਕਤਾ ਤੋਂ ਬਾਹਰ ਨਹੀਂ ਆਏ ਹਨ। ਉਹ ਆਪਣੇ ਆਪ ਨੂੰ ਇੱਕ ਸੰਗਠਿਤ ਅਤੇ ਅਨੁਸ਼ਾਸਿਤ ਸੁਰੱਖਿਆ ਬਲ ਵਿੱਚ ਤਬਦੀਲ ਨਹੀਂ ਕਰ ਸਕੇ ਹਨ।