July 1, 2024 1:30 am
Ashwani Vaishnav

ਆਦਿਵਾਸੀ ਭਾਈਚਾਰੇ ਦੀਆਂ ਭੈਣਾਂ ਵੀ ਭਾਰਤ ‘ਚ ਬਣਾਉਣਗੀਆਂ ਆਈਫੋਨ: ਅਸ਼ਵਨੀ ਵੈਸ਼ਨਵ

ਚੰਡੀਗੜ੍ਹ 15 ਨਵੰਬਰ 2022: ਕਬਾਇਲੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਜਨਮਦਿਨ ਮੌਕੇ ਮੰਗਲਵਾਰ ਨੂੰ “ਜਨਜਾਤੀ ਗੌਰਵ ਦਿਵਸ” ਮਨਾਇਆ ਜਾ ਰਿਹਾ ਹੈ। ਇਸ ਮੌਕੇ ਰੇਲ ਭਵਨ ਨਵੀਂ ਦਿੱਲੀ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਮੇਤ ਕਈ ਵੱਡੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਸ਼ਵਨੀ ਵੈਸ਼ਨਵ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਦਿਵਾਸੀ ਭਾਈਚਾਰੇ ਦੀਆਂ ਭੈਣਾਂ ਵੀ ਭਾਰਤ ਵਿੱਚ ਆਈਫੋਨ ਬਣਾਉਣਗੀਆਂ।

ਉਨ੍ਹਾਂ ਨੇ ਕਿਹਾ, ‘ਹੁਣ ਆਈਫੋਨ ਭਾਰਤ ‘ਚ ਬਣ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਫੈਕਟਰੀ ਬੈਂਗਲੁਰੂ ਦੇ ਨੇੜੇ ਲਗਾਈ ਜਾ ਰਹੀ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਕਬਾਇਲੀ ਭਾਈਚਾਰੇ ਦੀਆਂ ਸਾਡੀਆਂ ਭੈਣਾਂ ਵੀ ਭਾਰਤ ਵਿੱਚ ਆਈਫੋਨ ਬਣਾਉਣਗੀਆਂ।ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿਟਰ ‘ਤੇ ਟਵੀਟ ਕਰਕੇ ਬਿਰਸਾ ਮੁੰਡਾ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਦਿਵਾਸੀ ਨੇਤਾ ਬਿਰਸਾ ਮੁੰਡਾ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਲਈ ਆਦਿਵਾਸੀ ਭਾਈਚਾਰੇ ਤੋਂ ਪ੍ਰੇਰਨਾ ਮਿਲੀ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਰੋੜਾਂ ਆਦਿਵਾਸੀ ਪਰਿਵਾਰਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ।

ਉਨ੍ਹਾਂ ਕਿਹਾ ਕਿ ਕਬਾਇਲੀ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦੇਸ਼ ਭਰ ਵਿੱਚ ਉਨ੍ਹਾਂ ਨੂੰ ਸਮਰਪਿਤ ਅਜਾਇਬ ਘਰ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਸੀ ਜਿਸ ਨੇ ਮੁੰਡਾ ਦੇ ਜਨਮ ਦਿਨ ਨੂੰ “ਜਨਜਾਤੀ ਗੌਰਵ ਦਿਵਸ” ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਦੇਸ਼ ਲਈ ਆਪਣੇ ਹਾਲ ਹੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਉਨ੍ਹਾਂ ਦੁਆਰਾ ਜ਼ਿਕਰ ਕੀਤੇ ਪੰਚ ਪ੍ਰਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਕਰੋੜਾਂ ਆਦਿਵਾਸੀ ਨਾਇਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ‘ਪੰਚ ਪ੍ਰਾਣ’ ਦੀ ਊਰਜਾ ਨਾਲ ਅੱਗੇ ਵਧ ਰਿਹਾ ਹੈ।