ਅੰਮ੍ਰਿਤਸਰ 22 ਨਵੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ-ਰੇਖਾ ਉਲੀਕਦਿਆਂ ਇਸ ਲਹਿਰ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਫੈਲਾਉਣ ਦਾ ਫੈਸਲਾ ਕੀਤਾ ਗਿਆ।
ਲੰਘੀ 9 ਨਵੰਬਰ ਨੂੰ ਨਵੀਂ ਚੁਣੀ ਗਈ ਕਾਰਜਕਾਰਨੀ ਕਮੇਟੀ ਦੀ ਇਹ ਪਲੇਠੀ ਬੈਠਕ ਸੀ, ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 1 ਦਸੰਬਰ 2022 ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਗਰਮ ਮੁਹਿੰਮ ਅੱਗੇ ਵਧਾਈ ਜਾਵੇਗੀ। ਇਸ ਤਹਿਤ ਬੰਦੀ ਸਿੰਘਾਂ ਦੇ ਕੇਸਾਂ ਅਤੇ ਭੁਗਤੀਆਂ ਸਜ਼ਾਵਾਂ ਬਾਰੇ ਸੰਗਤ ਨੂੰ ਜਾਗਰੂਕਤਾ ਦੇ ਨਾਲ-ਨਾਲ ਪ੍ਰੋਫਾਰਮੇ ਭਰਵਾਏ ਜਾਣਗੇ।
ਇਸ ਲਹਿਰ ਨੂੰ ਦੇਸ਼ ਵਿਆਪੀ ਬਣਾਉਣ ਲਈ ਪੰਜਾਬ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਅਤੇ ਗੁਰਦੁਆਰਾ ਕਮੇਟੀਆਂ ਰਾਹੀਂ ਵੱਖ-ਵੱਖ ਸੂਬਿਆਂ ਤੱਕ ਪਹੁੰਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਕੇਂਦਰ ਸ਼੍ਰੋਮਣੀ ਕਮੇਟੀ ਦਫ਼ਤਰ ਹੋਵੇਗਾ, ਜਦਕਿ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਵਿਖੇ ਸਬ-ਕੇਂਦਰ ਸਥਾਪਤ ਕੀਤੇ ਜਾਣਗੇ। ਖ਼ਾਸਕਰ ਪੰਜਾਬ ਅੰਦਰ ਗੁਰਦੁਆਰਾ ਸਾਹਿਬਾਨਾਂ, ਵਿੱਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸ਼ਹਿਰਾਂ-ਕਸਬਿਆਂ ਦੇ ਅਹਿਮ ਚੌਰਾਹਿਆਂ ’ਤੇ ਕੈਂਪ ਲਗਾ ਕੇ ਪ੍ਰੋਫਾਰਮੇ ਭਰੇ ਜਾਣਗੇ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਪ੍ਰੋਫਾਰਮੇ ਭਰਵਾਉਣ ਦਾ ਕੰਮ ਮੁਕੰਮਲ ਕਰਨ ਬਾਅਦ ਚੰਡੀਗੜ੍ਹ ਵਿਖੇ ਸਮੁੱਚੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਕ ਦਿਨਾਂ ਰੋਸ ਧਰਨਾ ਹੋਵੇਗਾ ਅਤੇ ਸਾਰੇ ਪ੍ਰੋਫਾਰਮੇ ਗਵਰਨਰ ਪੰਜਾਬ ਨੂੰ ਸੌਂਪੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋਫਾਰਮੇ ਭਰਵਾਉਣ ਦੌਰਾਨ ਨਾਲੋ-ਨਾਲ ਸਾਰਾ ਰਿਕਾਰਡ ਲਿਖਤੀ ਤੇ ਡਿਜੀਟਲ ਰੂਪ ਵਿਚ ਸੰਭਾਲਣ ਦਾ ਕਾਰਜ ਵੀ ਕੀਤਾ ਜਾਵੇਗਾ।
ਐਡਵੋਕੇਟ ਧਾਮੀ ਨੇ ਹੋਰ ਫੈਸਲਿਆਂ ਦੀ ਤਫਸੀਲ ਦਿੰਦਿਆਂ ਦੱਸਿਆ ਕਿ ਬੀਤੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਅੱਜ ਮੁੜ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਫੈਸਲਾ ਲਾਗੂ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਿੱਖ ਇਤਿਹਾਸ ਦਾ ਅਹਿਮ ਪੰਨਾ ਹੈ, ਜਿਸ ਨੂੰ ਸਿੱਖ ਵਿਰਸੇ ਅਤੇ ਗੁਰਮਤਿ ਦੀ ਭਾਵਨਾ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ ਹੈ। ਇਸ ਲਈ ਭਾਰਤ ਸਰਕਾਰ ਇਸ ਦਿਹਾੜੇ ਦਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਕੀਤੀ ਕਮੇਟੀ ਦੇ ਸੁਝਾਅ ਅਨੁਸਾਰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਦੇ ਤੌਰ ’ਤੇ ਮਨਾਉਣ ਦਾ ਐਲਾਨ ਕਰੇ। ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਕਿਹਾ ਕਿ ਉਹ ਆਪਣੇ ਤੌਰ ’ਤੇ ਵੀ ਇਸੇ ਭਾਵਨਾ ਅਨੁਸਾਰ ਹੀ ਸਮਾਗਮ ਉਲੀਕਣ, ਨਾ ਕਿ ‘ਵੀਰ ਬਾਲ ਦਿਵਸ’ ਵਜੋਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਭਵਿੱਖ ਵਿਚ ਸਿਰੋਪਾਓ ਦੀ ਸੁਚੱਜੀ ਵਰਤੋਂ ਲਈ ਵੀ ਨਿਯਮ ਨਿਰਧਾਰਤ ਕੀਤੇ ਗਏ ਹਨ। ਹੁਣ ਹਰ ਵਿਦਿਅਕ ਅਦਾਰੇ ਅੰਦਰ ਸਿਰੋਪਾਓ, ਲੋਈ ਅਤੇ ਸਨਮਾਨ ਚਿੰਨ੍ਹ ਦੀ ਥਾਂ ਕੇਵਲ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬਾਨ ਵਿਖੇ ਵੀ ਸਿਰੋਪਾਓ ਦੇ ਸੰਕੋਚ ਕੇ ਗੁਰਮਤਿ ਭਾਵਨਾਵਾਂ ਅਨੁਸਾਰ ਵਰਤੋਂ ਲਾਜ਼ਮੀ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕੇਵਲ ਪੰਥਕ ਕਾਰਜਾਂ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਿਰੋਪਾਓ ਦਿੱਤਾ ਜਾਵੇਗਾ, ਜਦਕਿ ਬਾਕੀ ਸਤਿਕਾਰਤ ਸ਼ਖ਼ਸੀਅਤਾਂ ਨੂੰ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਅੰਦਰ ਅਗਲੇ 6 ਮਹੀਨਿਆਂ ਲਈ ਭਰਤੀ ’ਤੇ ਮੁਕੰਮਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਵਲ ਵੱਡੇ ਜੋੜ ਮੇਲਿਆਂ ਮੌਕੇ ਲੋੜ ਅਨੁਸਾਰ ਆਰਜੀ ਲੇਬਰ ਹੀ ਲਗਾਈ ਜਾ ਸਕੇਗੀ। ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਨਿਯਮਤ ਰੂਪ ਵਿਚ ਸੰਗਤ ਤੱਕ ਲਿਜਾਣ ਲਈ 24 ਘੰਟੇ ਦੀਆਂ ਸੇਵਾਵਾਂ ਵਾਲਾ ਯੂ-ਟਿਊਬ ਚੈਨਲ ਚਲਾਉਣ ਦੀ ਵੀ ਜਾਣਕਾਰੀ ਦਿੱਤੀ।