Site icon TheUnmute.com

ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਿੱਖ ਮਸਲਿਆਂ ਦੀ ਪੈਰਵਾਈ ਕਰਨਾ ਆਪਣਾ ਫ਼ਰਜ਼ ਸਮਝਿਆ : ਬੀਬੀ ਜਗੀਰ ਕੌਰ

Bibi Jagir Kaur

ਚੰਡੀਗੜ੍ਹ 15 ਨਵੰਬਰ 2021 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ 100 ਸਾਲਾ ਸਫ਼ਰ ਦੌਰਾਨ ਨਿਭਾਈਆਂ ਸੇਵਾਵਾਂ ਅਤੇ ਕੀਤੇ ਕਾਰਜਾਂ ਦਾ ਸੰਖੇਪ ਵਿਚ ਵਰਨਣ ਕੀਤਾ, ਉਥੇ ਹੀ ਭਵਿੱਖ ਦੀਆਂ ਤਰਜ਼ੀਹਾਂ ਵੀ ਸਪੱਸ਼ਟ ਕੀਤੀਆਂ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਸਿੱਖੀ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵੱਖ-ਵੱਖ ਭਸ਼ਾਵਾਂ ਦੇ ਗਿਆਤਾ ਦੇ ਪ੍ਰਚਾਰਕ ਭਰਤੀ ਕਰਕੇ ਵੱਖ-ਵੱਖ ਸੂਬਿਆਂ ਅਤੇ ਦੇਸ਼ਾਂ ਵਿਚ ਭੇਜੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਉਣ ਲਈ ਦੋ ਯੋਜਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤਹਿਤ ਕੇਂਦਰੀ ਸਿੱਖ ਅਜਾਇਬ ਘਰ ਦਾ ਹੋਰ ਵਿਸਥਾਰ ਕੀਤਾ ਜਾਵੇਗਾ, ਜਿਸ ਵਿਚ ਆਧੁਨਿਕ ਢੰਗ ਨਾਲ ਸਿੱਖ ਇਤਿਹਾਸ ਤਸਵੀਰਾਂ ਰਾਹੀਂ ਰੂਪਮਾਨ ਹੋਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦਫ਼ਤਰ ਨਜ਼ਦੀਕ ਢੁੱਕਵੀਂ ਥਾਂ ’ਤੇ ਆਡੀਟੋਰੀਅਮ ਸਥਾਪਤ ਕਰਕੇ ਸਿੱਖ ਇਤਿਹਾਸ ਨਾਲ ਸਬੰਧਤ ਨਾਟਕ ਅਤੇ ਡਾਕੂਮੈਂਟਰੀਆਂ ਦਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਨੌਜੁਆਨੀ ਨੂੰ ਆਧੁਨਿਕ ਸਾਧਨਾਂ ਦੁਆਰਾ ਸਿੱਖ ਧਰਮ ਦੇ ਇਤਿਹਾਸ ਨਾਲ ਜੋੜਨ ਲਈ ਭਵਿੱਖ ਵਿਚ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਬੱਚਿਆਂ ਲਈ ਸੁਚਿੱਤਰ ਪੁਸਤਕਾਂ ਤਿਆਰ ਕਰਵਾਈਆਂ ਜਾਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਿੱਖ ਪੰਥ ਦੇ ਭਖਦਿਆਂ ਮਸਲਿਆਂ ’ਤੇ ਸੰਜੀਦਾ ਰਹੀ ਹੈ ਅਤੇ ਭਵਿੱਖ ਵਿਚ ਵੀ ਹਰ ਸਿੱਖ ਮਸਲੇ ਦੇ ਸਰਲੀਕਰਣ ਲਈ ਕਾਰਜ ਕੀਤੇ ਜਾਣਗੇ।

Exit mobile version