Site icon TheUnmute.com

ਸ਼੍ਰੋਮਣੀ ਅਕਾਲੀ ਦਲ ਨੇ 400 ਕਰੋੜ ਰੁਪਏ ਦੇ ਰੇਤ ਮਾਇਨਿੰਗ ਘੁਟਾਲੇ ਦੀ CBI ਜਾਂਚ ਦੀ ਕੀਤੀ ਮੰਗ

Shiromani Akali DaL

ਚੰਡੀਗੜ੍ਹ, 16 ਫਰਵਰੀ 2023: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ’ਕੱਟੜ ਇਮਾਨਦਾਰ’ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਬਾਹਰੋਂ ਰੇਤਾ ਤੇ ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਲਈ ਜਾਂਦੀ ਰਾਇਲਟੀ ਵਿਚ 400 ਕਰੋੜ ਰੁਪਏ ਦੇ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਨਾਲ ਜੁੜੇ ਰਹੇ ਦੋ ਰੇਤ ਮਾਇਨਿੰਗ ਮਾਫੀਆ ਦੇ ਠੇਕੇ ਰੱਦ ਹੋਣ ਦੇ ਇਕ ਮਹੀਨੇ ਅੰਦਰ ਹੀ ਨਵਿਆ (ਰਨਿਊ ਕਰ) ਦਿੱਤੇ।

ਮੁੱਖ ਮੰਤਰੀ ’ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਲ ਕੇ ਰਾਇਲਟੀ ਘੁਟਾਲੇ ਦੀ ਅਗਵਾਈ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਰਸੀਦਾਂ ਵਿਖਾਈਆਂ ਕਿ ਕਿਵੇਂ ਸਰਕਾਰ ਵੱਲੋਂ 7 ਰੁਪਏ ਕਿਊਬਿਕ ਫੁੱਟ ਰਾਇਲਟੀ ਲੈਣ ਦਾ ਐਲਾਨ ਕਰਨ ਦੇ ਬਾਵਜੂਦ ਸਿਰਫ ਨਾਂ ਮਾਤਰ ਪੈਸੇ ਦੀਆਂ ਰਸੀਦਾਂ ਕੱਟੀਆਂ ਜਾ ਰਹੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਵੱਲੋਂ ਅੰਤਰ ਰਾਜੀ ਵਾਹਨਾਂ ਤੋਂ ਵਸੂਲੇ ਜਾ ਰਹੇ ਪੈਸੇ ਵਿਚ ਘੁਟਾਲਾ ਕੀਤਾ ਜਾ ਰਿਹਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਨਵੀਂ ਮਾਇਨਿੰਗ ਨੀਤੀ ਵਿਚ ਅੰਤਰ ਰਾਜੀ ਵਾਹਨਾਂ ’ਤੇ ਲਾਈ ਜਾਣ ਵਾਲੀ ਰਾਇਲਟੀ ਤੈਅ ਕਰਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਦਿੱਤਾ ਗਿਆ ਤੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿਚ ਇਕੱਠੇ ਕੀਤੇ ਜਾ ਰਹੇ ਫੰਡ ਸਰਕਾਰੀ ਖ਼ਜ਼ਾਨੇ ਵਿਚ ਜਾਣ ਦੀ ਥਾਂ ਸਿੱਧਾ ਆਮ ਆਦਮੀ ਪਾਰਟੀ ਕੋਲ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਵਿਚ ਗੁਆਂਢੀ ਰਾਜਾਂ ਤੋਂ ਰੋਜ਼ਾਨਾ 2000 ਤੋਂ ਵੱਧ ਟਰੱਕ ਰੇਤਾ ਤੇ ਬਜਰੀ ਲੈ ਕੇ ਆਉਂਦੇ ਹਨ। ਇਹਨਾਂ ਤੋਂ ਲਈਜਾ ਰਹੀ ਰਾਇਲਟੀ ਦਾ ਅੱਧਾ ਪੈਸਾ ਆਪ ਖੁਰਦ ਬੁਰਦ ਕਰ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੋ ਮਾਇਨਿੰਗ ਮਾਫੀਆ ਕਿੰਗ ਰਾਕੇਸ਼ ਚੌਧਰੀ ਅਤੇ ਅਸ਼ੋਕ ਚੰਢਕ ਨੂੰ ਆਪ ਵਾਸਤੇ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਪੰਜਾਬ ਵਿਚ ਮਾਇਨਿੰਗ ਦਾ ਚਾਰਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਚੌਧਰੀ ਦਾ ਮੁਹਾਲੀ ਅਤੇ ਰੋਪੜ ਜ਼ਿਲ੍ਹਿਆਂ ਵਿਚ ਰੇਤ ਮਾਇਨਿੰਗ ਦਾ ਠੇਕਾ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕੀਤਾ ਗਿਆ ਸੀ ਤੇ ਆਪ ਸਰਕਾਰ ਨੇ ਇਸ ਸਾਲ 27 ਜਨਵਰੀ ਨੂੰ ਉਹਨਾਂ ਜ਼ੋਨਾਂ ਦਾ ਹੀ ਠੇਕਾ ਉਸਨੂੰ ਮੁੜ ਦੇ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਚੌਧਰੀ ਖਿਲਾਫ ਰੋਪੜ ਜ਼ਿਲ੍ਹੇ ਵਿਚ ਚਾਰ ਪੁਲਿਸ ਕੇਸ ਦਰਜ ਹਨ ਅਤੇ ਹਾਈ ਕੋਰਟ ਨੇ ਇਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਵਿਚ ਚੌਧਰੀ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਨੂੰ ਬੇਨਕਾਬ ਕਰਨ ’ਤੇ ਇਸਦੀ ਸੀ ਬੀ ਆਈ ਜਾਂਚ ਦੇ ਵੀ ਹੁਕਮ ਦਿੱਤੇ ਹਨ।

ਮਜੀਠੀਆ ਨੇ ਦੱਸਿਆ ਕਿ ਦੂਜੇ ਠੇਕੇਦਾਰ ਅਸ਼ੋਕ ਚੰਢਕ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇਡੇ ਹੈ ਤੇ ਉਸਦਾ ਠੇਕਾ ਵੀ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਇਸ ਸਾਲ 31 ਜਨਵਰੀ ਨੂੰ ਫਿਰ ਤੋਂ ਨਵਿਆ (ਰਨਿਊ ਕਰ) ਦਿੱਤਾ ਗਿਆ। ਉਹਨਾਂ ਕਿਹਾ ਕਿ ਚੰਢਕ ਨੂੰ ਵੀ ਲੁਧਿਆਣਾ, ਜਲੰਧਰ ਤੇ ਨਵਾਂਸ਼ਹਿਰ ਵਿਚ ਉਹੀ ਰੇਤ ਮਾਇਨਿੰਗ ਦਾ ਠੇਕਾ ਦਿੱਤਾ ਗਿਆ ਹੈ ਜੋ ਕਾਂਗਰਸ ਸਰਕਾਰ ਵੇਲੇ ਉਸ ਕੋਲ ਸੀ।

Exit mobile version